Kolkata Case: ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਿਖਿਆਰਥੀ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਅਤੇ ਹੱਤਿਆ ਦੇ ਖਿਲਾਫ ਰਬਿੰਦਰਾ ਭਾਰਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਦੌਰਾਨ ਪੁਲਸ ਦੀ ਬਦਸਲੂਕੀ ਕਾਰਨ ਸਥਿਤੀ ਵਿਗੜ ਗਈ। ਪ੍ਰਦਰਸ਼ਨਕਾਰੀਆਂ ਨੇ ਅੱਜ ਤੜਕੇ 4 ਵਜੇ ਬੀਟੀ ਰੋਡ ਜਾਮ ਕਰ ਦਿੱਤੀ। ਡਨਲਪ ਤੋਂ ਸ਼ਿਆਮਬਾਜ਼ਾਰ ਨੂੰ ਜਾਂਦੀ ਸੜਕ ‘ਤੇ ਸਿਥੀ ਮੋੜ ‘ਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ ਹੈ।
ਹੋਇਆ ਇਹ ਕਿ ਸ਼ੁੱਕਰਵਾਰ ਰਾਤ ਕਰੀਬ 11 ਵਜੇ ਬੀਟੀ ਰੋਡ ਦਾ ਇੱਕ ਹਿੱਸਾ ਬੰਦ ਕਰਕੇ ਧਰਨਾ ਦਿੱਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕੀਤਾ। ਉਦੋਂ ਤੱਕ 3:30 ਹੋ ਚੁੱਕੇ ਸਨ। ਇਹ ਵਿਦਿਆਰਥੀ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਨਾਟਕ ਦੌਰਾਨ ਇੱਕ ਸਿਵਿਕ ਵਲੰਟੀਅਰ ਨਸ਼ੇ ਦੀ ਹਾਲਤ ਵਿੱਚ ਬਾਈਕ ਚਲਾਉਂਦੇ ਹੋਏ ਵਿਦਿਆਰਥੀਆਂ ਦੇ ਬੈਰੀਕੇਡ ਨਾਲ ਟਕਰਾ ਗਿਆ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਲੱਗ ਪਿਆ।
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੇ ਉਸਨੂੰ ਰੋਕ ਕੇ ਫਿਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਇੱਕ ਪੁਲਿਸ ਕਰਮਚਾਰੀ ਉਸਨੂੰ ਛੁਡਾਉਣ ਲਈ ਪਹੁੰਚਿਆ। ਇਹ ਪੁਲਿਸ ਮੁਲਾਜ਼ਮ ਵੀ ਨਸ਼ੇ ਦੀ ਹਾਲਤ ਵਿੱਚ ਸੀ। ਇਸ ਨਾਲ ਵਿਦਿਆਰਥੀਆਂ ਦਾ ਗੁੱਸਾ ਹੋਰ ਭੜਕ ਗਿਆ। ਰਬਿੰਦਰਾ ਭਾਰਤੀ ਯੂਨੀਵਰਸਿਟੀ ਦੇ ਡਰਾਮਾ ਵਿਭਾਗ ਦੀ ਸਾਬਕਾ ਵਿਦਿਆਰਥੀ ਅਮਰਪਾਲੀ ਭੱਟਾਚਾਰੀਆ ਨੇ ਕਿਹਾ, “ਅਸੀਂ ਸ਼ਾਂਤੀ ਨਾਲ ਆਪਣੇ ਗੱਲ ਰੱਖ ਰਹੇ ਹਾਂ। ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਮੁਲਜ਼ਮ ਨੂੰ ਨਸ਼ੇੜੀ ਪੁਲਸ ਮੁਲਾਜ਼ਮ ਨੇ ਭਜਾ ਦਿੱਤਾ ਹੈ। ਅਸੀਂ 3:55 ਵਜੇ ਤੋਂ ਨਸ਼ੇੜੀ ਪੁਲਸ ਵਾਲੇ ਨੂੰ ਰੋਕ ਰੱਖਿਆ ਹੈ। ਸਾਡੀ ਮੰਗ ਹੈ ਕਿ ਉਸ ਸਿਵਿਕ ਵਲੰਟੀਅਰ ਨੂੰ ਇੱਥੇ ਵਾਪਸ ਲਿਆਂਦਾ ਜਾਵੇ ਅਤੇ ਸਾਡੇ ਸਾਹਮਣੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ।”
ਬੀਟੀ ਰੋਡ ਬੰਦ ਹੋਣ ਕਾਰਨ ਰੋਜ਼ਾਨਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਬੰਦ ਹੋਣ ਕਾਰਨ ਉਹ ਹੋਰ ਰਸਤਿਆਂ ਦੀ ਤਲਾਸ਼ ਕਰ ਰਹੇ ਹਨ ਅਤੇ ਮੈਟਰੋ ਫੜਨ ਲਈ ਦਮਦਮ ਵੱਲ ਜਾ ਰਹੇ ਹਨ। ਇੱਕ ਰੋਜ਼ਾਨਾ ਸਫ਼ਰ ਕਰਨ ਵਾਲੇ ਨੇ ਕਿਹਾ, “ਮੈਂ ਸਵੇਰੇ ਸੱਤ ਵਜੇ ਦਫ਼ਤਰ ਪਹੁੰਚਣਾ ਸੀ। ਮੇਰੀਆਂ ਉਮੀਦਾਂ ਬੱਸ ‘ਤੇ ਲੱਗੀਆਂ ਹੋਈਆਂ ਸਨ, ਪਰ ਹੁਣ ਸੜਕ ਬੰਦ ਹੋਣ ਕਾਰਨ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਇਸ ਦੌਰਾਨ ਬੀਟੀ ਰੋਡ ’ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਸ ਪ੍ਰਸ਼ਾਸਨ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ