New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਤਿੰਨ ਵੰਦੇ ਭਾਰਤ ਟਰੇਨਾਂ ਨੂੰ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਦੇ ਮੇਕ ਇਨ ਇੰਡੀਆ’ ਅਤੇ ਸਵੈ-ਨਿਰਭਰ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਦੇ ਹੋਏ, ਅਤਿ-ਆਧੁਨਿਕ ਵੰਦੇ ਭਾਰਤ ਐਕਸਪ੍ਰੈਸ ਤਿੰਨ ਮਾਰਗਾਂ ਮੇਰਠ-ਲਖਨਊ, ਮਦੁਰਾਈ-ਬੈਂਗਲੁਰੂ ਅਤੇ ਚੇਨਈ-ਨਾਗਰਕੋਇਲ ‘ਤੇ ਸੰਪਰਕ ਵਿੱਚ ਸੁਧਾਰ ਕਰਨਗੀਆਂ।
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਤੋਂ ਪਹਿਲਾਂ ਦੀ ਸ਼ਾਮ ਨੂੰ ਇਹ ਜਾਣਕਾਰੀ ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਬਿਊਰੋ (ਪੀ.ਆਈ.ਬੀ.) ਵੱਲੋਂ ਜਾਰੀ ਰੀਲੀਜ਼ ‘ਚ ਦਿੱਤੀ ਗਈ ਹੈ। ਪੀਆਈਬੀ ਦੇ ਅਨੁਸਾਰ, ਇਹ ਵੰਦੇ ਭਾਰਤ ਟਰੇਨਾਂ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਹਾਈ ਸਪੀਡ ਟਰੇਨਾਂ ਦੇ ਮੁਕਾਬਲੇ ਯਾਤਰਾ ਦੇ ਸਮੇਂ ਨੂੰ ਘੱਟ ਕਰਨਗੀਆਂ। ਮੇਰਠ ਸਿਟੀ-ਲਖਨਊ ਵੰਦੇ ਭਾਰਤ ਲਗਭਗ ਇੱਕ ਘੰਟਾ, ਚੇਨਈ ਐਗਮੋਰ-ਨਾਗਰਕੋਇਲ ਵੰਦੇ ਭਾਰਤ ਦੋ ਘੰਟੇ ਅਤੇ ਮਦੁਰਾਈ-ਬੈਂਗਲੁਰੂ ਵੰਦੇ ਭਾਰਤ ਯਾਤਰਾ ਦੇ ਸਮੇਂ ਵਿੱਚ ਡੇਢ ਘੰਟੇ ਦੀ ਬਚਤ ਕਰੇਗੀ। ਨਾਲ ਹੀ, ਇਹ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਖੇਤਰ ਦੇ ਲੋਕਾਂ ਨੂੰ ਸਪੀਡ ਅਤੇ ਸੁਵਿਧਾ ਨਾਲ ਯਾਤਰਾ ਕਰਨ ਲਈ ਵਿਸ਼ਵ ਪੱਧਰੀ ਸੇਵਾ ਪ੍ਰਦਾਨ ਕਰਨਗੀਆਂ ਅਤੇ ਤਿੰਨ ਰਾਜਾਂ – ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨਗੀਆਂ। ਇਨ੍ਹਾਂ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਦੀ ਸ਼ੁਰੂਆਤ ਨਿਯਮਤ ਯਾਤਰੀਆਂ, ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਵਿਦਿਆਰਥੀ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਰੇਲ ਸੇਵਾ ਦੇ ਇੱਕ ਨਵੇਂ ਮਿਆਰ ਦੀ ਸ਼ੁਰੂਆਤ ਕਰੇਗੀ।
ਹਿੰਦੂਸਥਾਨ ਸਮਾਚਾਰ