New Delhi: ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਇਸ ਤੋਂ ਪ੍ਰੇਰਿਤ ਸਮਾਨ ਵਿਚਾਰਧਾਰਕ ਸੰਗਠਨਾਂ ਦੀ ਤਿੰਨ ਦਿਨਾਂ ਬੈਠਕ ਸ਼ਨੀਵਾਰ ਤੋਂ ਕੇਰਲ ਦੇ ਪਾਲੱਕੜ ‘ਚ ਆਯੋਜਿਤ ਕੀਤੀ ਜਾ ਰਹੀ ਹੈ। ਮੀਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੰਘ ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਸੁਨੀਲ ਆਂਬੇਕਰ ਨੇ ਪ੍ਰੈਸ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸੰਗਠਨਾਂ ਅਤੇ ਮੀਟਿੰਗ ’ਚ ਵਿਚਾਰੇ ਜਾਣ ਵਾਲੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਸੰਘ ਤੋਂ ਪ੍ਰੇਰਿਤ 32 ਸੰਗਠਨਾਂ ਦੇ 230 ਰਾਸ਼ਟਰੀ ਅਹੁਦੇਦਾਰ ਹਿੱਸਾ ਲੈਣਗੇ, ਜਦਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਤਰਫੋਂ 90 ਕੇਂਦਰੀ ਅਹੁਦੇਦਾਰ ਅਤੇ ਵਰਕਰ ਹਿੱਸਾ ਲੈਣਗੇ।
ਸੁਨੀਲ ਆਂਬੇਕਰ ਨੇ ਦੱਸਿਆ ਕਿ ਸਾਲ 1925 ਵਿੱਚ ’ਚ ਗਠਿਤ ਰਾਸ਼ਟਰੀ ਸਵੈਮ ਸੇਵਕ ਸੰਘ ਇਸ ਵਿਜੇਦਸ਼ਮੀ ਤੋਂ ਆਪਣੇ ਸ਼ਤਾਬਦੀ ਸਾਲ (100ਵੇਂ) ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਸੰਘ ਵੈਸੇ ਤਾਂ ਸਮੇਂ-ਸਮੇਂ ‘ਤੇ ਆਪਣੇ ਕੰਮ ਦੀ ਸਮੀਖਿਆ ਅਤੇ ਆਪਣੇ ਕੰਮ ਨੂੰ ਵਧਾਉਣ ਦੀਆਂ ਯੋਜਨਾਵਾਂ ‘ਤੇ ਕੰਮ ਕਰਦਾ ਹੀ ਰਹਿੰਦਾ ਹੈ। ਇਸ ਸ਼ਤਾਬਦੀ ਵਰ੍ਹੇ ਨੂੰ ਮੁੱਖ ਰੱਖਦਿਆਂ ਇਸ ਮੀਟਿੰਗ ਵਿੱਚ ਆਪਣੇ ਸਮਾਜਕ ਕਾਰਜਾਂ ਨੂੰ ਹੋਰ ਵੀ ਤੇਜ਼ ਰਫ਼ਤਾਰ ਨਾਲ ਨੇਪਰੇ ਚਾੜ੍ਹਨ ਲਈ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ। ਇਨ੍ਹਾਂ ਸਮਾਜਿਕ ਕੰਮਾਂ ਲਈ ਸੰਘ ਵਿੱਚ ਪੰਚ ਪਰਿਵਰਤਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੰਘ ਦੇ ਪੰਜ ਪਰਿਵਰਤਨ ਵਿੱਚ ਸਮਾਜਿਕ ਸਦਭਾਵਨਾ, ਪਰਿਵਾਰਕ ਗਿਆਨ, ਵਾਤਾਵਰਣ ਸੁਰੱਖਿਆ, ਸਵੈ ‘ਤੇ ਜ਼ੋਰ ਅਤੇ ਨਾਗਰਿਕ ਜ਼ਿੰਮੇਵਾਰੀ ਸ਼ਾਮਲ ਹੈ। ਇਸ ਵਿੱਚ ਸਮਾਨ ਵਿਚਾਰਧਾਰ ਵਾਲੇ ਸੰਗਠਨ ਸਹਿਯੋਗ ਕਰ ਸਕਦੇ ਹਨ, ਤਾਲਮੇਲ ਬੈਠਕ ‘ਚ ਇਸ ‘ਤੇ ਮੁੱਖ ਤੌਰ ‘ਤੇ ਚਰਚਾ ਕੀਤੀ ਜਾਵੇਗੀ।
ਸੰਘ ਦੀ ਇਸ ਮਹੱਤਵਪੂਰਨ ਸਾਲਾਨਾ ਪੱਧਰੀ ਬੈਠਕ ‘ਚ ਸੰਘ ਦੇ ਸੰਗਠਨਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਰਾਸ਼ਟਰੀ ਅਤੇ ਸਮਾਜਿਕ ਮਹੱਤਵ ਵਾਲੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਸਰਸੰਘਚਾਲਕ ਡਾ. ਮੋਹਨ ਭਾਗਵਤ, ਸਰਕਾਰਯਵਾਹ ਦੱਤਾਤ੍ਰੇਯ ਹੋਸਬਾਲੇ ਅਤੇ ਸੰਘ ਦੇ ਸਾਰੇ ਛੇ ਸਹਿ-ਸਰਕਾਰਯਵਾਹ ਅਤੇ ਹੋਰ ਪ੍ਰਮੁੱਖ ਅਹੁਦੇਦਾਰ ਬੈਠਕ ਵਿਚ ਹਿੱਸਾ ਲੈਣਗੇ। ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ, ਰਾਸ਼ਟਰ ਸੇਵਿਕਾ ਸਮਿਤੀ, ਵਨਵਾਸੀ ਕਲਿਆਣ ਆਸ਼ਰਮ, ਵਿਸ਼ਵ ਹਿੰਦੂ ਪ੍ਰੀਸ਼ਦ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਭਾਰਤੀ ਕਿਸਾਨ ਸੰਘ, ਵਿਦਿਆ ਭਾਰਤੀ, ਭਾਰਤੀ ਮਜ਼ਦੂਰ ਸੰਘ ਸਮੇਤ 32 ਸੰਘ ਪ੍ਰੇਰਿਤ ਵੱਖ ਵੱਖ ਸੰਗਠਨਾਂ ਦੇ ਰਾਸ਼ਟਰੀ ਪ੍ਰਧਾਨ, ਸੰਗਠਨ ਮੰਤਰੀ ਅਤੇ ਪ੍ਰਮੁੱਖ ਅਹੁਦੇਦਾਰ ਸੱਦੇ ਜਾਂਦੇ ਹਨ।
ਮੀਟਿੰਗ ਸ਼ਨੀਵਾਰ ਸਵੇਰੇ ਸ਼ੁਰੂ ਹੋਵੇਗੀ ਅਤੇ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗੀ। ਮੀਟਿੰਗ ਵਿੱਚ ਹੋਈ ਚਰਚਾ ਨੂੰ ਲੈ ਕੇ ਸੰਘ ਵੱਲੋਂ 2 ਸਤੰਬਰ ਨੂੰ ਮੁੜ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਆਂਬੇਕਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੇਰਲ ਵਿੱਚ ਸੰਘ ਦੀ ਤਾਲਮੇਲ ਮੀਟਿੰਗ ਹੋ ਰਹੀ ਹੈ। ਵਰਣਨਯੋਗ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਤਿੰਨ-ਰੋਜ਼ਾ ਅਖਿਲ ਭਾਰਤੀ ਤਾਲਮੇਲ ਬੈਠਕ ਆਮ ਤੌਰ ‘ਤੇ ਸਾਲ ਵਿਚ ਇਕ ਵਾਰ ਆਯੋਜਿਤ ਕੀਤੀ ਜਾਂਦੀ ਹੈ। ਪਿਛਲੇ ਸਾਲ ਇਹ ਮੀਟਿੰਗ ਸਤੰਬਰ 2023 ਵਿੱਚ ਪੁਣੇ ਵਿੱਚ ਹੋਈ ਸੀ। ਇਸ ਅਖਿਲ ਭਾਰਤੀ ਤਾਲਮੇਲ ਮੀਟਿੰਗ ਵਿੱਚ ਵੱਖ-ਵੱਖ ਸੰਘ ਪ੍ਰੇਰਿਤ ਸੰਗਠਨਾਂ ਵਿੱਚ ਕੰਮ ਕਰ ਰਹੇ ਪ੍ਰਮੁੱਖ ਅਹੁਦੇਦਾਰ ਭਾਗੀਦਾਰ ਹੁੰਦੇ ਹਨ।
ਸੰਘ ਦੇ ਪ੍ਰਚਾਰ ਵਿਭਾਗ ਅਨੁਸਾਰ ਮੀਟਿੰਗ ਵਿੱਚ ਵੱਖ-ਵੱਖ ਸੰਗਠਨਾਂ ਦੇ ਵਰਕਰ ਆਪਣੇ ਕੰਮ ਦੀ ਜਾਣਕਾਰੀ ਅਤੇ ਤਜ਼ਰਬਿਆਂ ਦੀ ਬੇਨਤੀ ਅਤੇ ਅਦਾਨ-ਪ੍ਰਦਾਨ ਕਰਨਗੇ। ਮੀਟਿੰਗ ਵਿੱਚ ਰਾਸ਼ਟਰੀ ਹਿੱਤ ਦੇ ਵੱਖ-ਵੱਖ ਵਿਸ਼ਿਆਂ ਦੇ ਸੰਦਰਭ ਵਿੱਚ ਮੌਜੂਦਾ ਸਥਿਤੀ, ਤਾਜ਼ਾ ਮਹੱਤਵਪੂਰਨ ਘਟਨਾਵਾਂ ਅਤੇ ਸਮਾਜਿਕ ਤਬਦੀਲੀ ਦੇ ਹੋਰ ਪਹਿਲੂਆਂ ‘ਤੇ ਯੋਜਨਾਵਾਂ ‘ਤੇ ਚਰਚਾ ਕੀਤੀ ਜਾਵੇਗੀ। ਸਾਰੇ ਸੰਗਠਨ ਵੱਖ-ਵੱਖ ਵਿਸ਼ਿਆਂ ‘ਤੇ ਆਪਸੀ ਸਹਿਯੋਗ ਅਤੇ ਤਾਲਮੇਲ ਨੂੰ ਹੋਰ ਵਧਾਉਣ ਲਈ ਜ਼ਰੂਰੀ ਉਪਾਵਾਂ ‘ਤੇ ਵੀ ਚਰਚਾ ਕਰਨਗੇ।
ਹਿੰਦੂਸਥਾਨ ਸਮਾਚਾਰ