New Delhi: ਪਾਕਿਸਤਾਨ ਦੀ ਅਗਵਾਈ ਵਾਲੇ ਵਿਸ਼ਾਖਾਪਟਨਮ ਜਾਸੂਸੀ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਸ਼ੱਕੀਆਂ ਦੀ ਭਾਲ ‘ਚ ਦੇਸ਼ ਭਰ ਦੇ 7 ਸੂਬਿਆਂ ‘ਚ 16 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਐੱਨ.ਆਈ.ਏ ਨੇ 22 ਮੋਬਾਈਲ ਫੋਨਾਂ ਸਮੇਤ ਕਈ ਸੰਵੇਦਨਸ਼ੀਲ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਐੱਨ.ਆਈ.ਏ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਨ.ਆਈ.ਏ ਦੇ ਅਨੁਸਾਰ, ਪਾਕਿਸਤਾਨੀ ਆਈਐਸਆਈ ਰਾਹੀਂ ਗੁਪਤ ਰੱਖਿਆ ਜਾਣਕਾਰੀ ਲੀਕ ਕਰਨ ਦੇ ਸਬੰਧ ਵਿੱਚ ਗੁਜਰਾਤ, ਕਰਨਾਟਕ, ਕੇਰਲ, ਤੇਲੰਗਾਨਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਵਿੱਚ 16 ਸਥਾਨਾਂ ‘ਤੇ ਵਿਆਪਕ ਤਲਾਸ਼ੀ ਲਈ ਗਈ। ਭਾਰਤ ਵਿੱਚ ਜਾਸੂਸੀ ਗਤੀਵਿਧੀਆਂ ਲਈ ਪਾਕਿਸਤਾਨ ਤੋਂ ਫੰਡ ਪ੍ਰਾਪਤ ਕਰਨ ਵਾਲੇ ਸ਼ੱਕੀਆ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ।
ਐੱਨ.ਆਈ.ਏ. ਨੇ ਜੁਲਾਈ 2023 ਵਿੱਚ ਕੇਸ ਨੂੰ ਆਪਣੇ ਹੱਥ ਵਿੱਚ ਲਿਆ ਸੀ। ਕਾਊਂਟਰ ਇੰਟੈਲੀਜੈਂਸ ਸੈੱਲ, ਆਂਧਰਾ ਪ੍ਰਦੇਸ਼ ਨੇ ਜਨਵਰੀ 2021 ਵਿੱਚ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਸੰਵੇਦਨਸ਼ੀਲ ਅਹਿਮ ਜਾਣਕਾਰੀਆਂ ਨੂੰ ਲੀਕ ਹੋਣ ਦਾ ਮਾਮਲਾ ਸ਼ਾਮਲ ਸੀ।
ਐੱਨ.ਆਈ.ਏ. ਦੇ ਅਨੁਸਾਰ, 19 ਜੁਲਾਈ, 2023 ਨੂੰ ਐੱਨ.ਆਈ.ਏ. ਨੇ ਇੱਕ ਭਗੌੜੇ ਪਾਕਿਸਤਾਨੀ ਨਾਗਰਿਕ ਮੀਰ ਬਾਲਾਜ਼ ਖਾਨ ਸਮੇਤ ਦੋ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮੀਰ ਬਾਲਾਜ਼ ਖਾਨ ਗ੍ਰਿਫਤਾਰ ਮੁਲਜ਼ਮ ਆਕਾਸ਼ ਸੋਲੰਕੀ ਦੇ ਨਾਲ ਜਾਸੂਸੀ ਰੈਕੇਟ ਵਿੱਚ ਸ਼ਾਮਲ ਸੀ।
6 ਨਵੰਬਰ, 2023 ਨੂੰ, ਐੱਨ.ਆਈ.ਏ. ਨੇ ਮਨਮੋਹਨ ਸੁਰਿੰਦਰ ਪਾਂਡਾ ਅਤੇ ਅਲਵੇਨ ਵਜੋਂ ਪਛਾਣੇ ਗਏ ਦੋ ਹੋਰ ਮੁਲਜ਼ਮਾਂ ਵਿਰੁੱਧ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ। ਪਾਂਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਪਾਕਿਸਤਾਨੀ ਖੁਫੀਆ ਸੰਚਾਲਕ ਅਲਵੇਨ ਫਰਾਰ ਹੈ।
ਮਈ 2024 ਵਿੱਚ, ਐੱਨ.ਆਈ.ਏ. ਨੇ ਪਾਕਿਸਤਾਨ ਖੁਫੀਆ ਸੰਚਾਲਕਾਂ ਨਾਲ ਸਾਜ਼ਿਸ਼ ਰਚਣ ਦੇ ਦੋਸ਼ੀ ਅਮਾਨ ਸਲੀਮ ਸ਼ੇਖ ਦੇ ਖਿਲਾਫ ਆਪਣੀ ਦੂਜੀ ਪੂਰਕ ਚਾਰਜਸ਼ੀਟ ਦਾਇਰ ਕੀਤੀ।
ਹਿੰਦੂਸਥਾਨ ਸਮਾਚਾਰ