Shimla News: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਤਬਾਹੀ ਮਚਾਈ ਹੋਈ ਹੈ। ਬੀਤੀ ਰਾਤ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਰਾਜ ਦੇ ਮੈਦਾਨੀ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਅੱਜ ਭਾਰੀ ਮੀਂਹ, ਗਰਜ ਅਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਨਾਲ ਹੀ ਅਗਲੇ 24 ਘੰਟਿਆਂ ਵਿੱਚ ਯਾਨੀ ਸ਼ੁੱਕਰਵਾਰ ਸ਼ਾਮ 5:30 ਵਜੇ ਤੱਕ ਹਿਮਾਚਲ ਦੇ ਅੱਧੇ ਹਿੱਸੇ ਵਿੱਚ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਸੂਬੇ ਦੇ ਛੇ ਜ਼ਿਲ੍ਹਿਆਂ ਚੰਬਾ, ਕਾਂਗੜਾ, ਕੁੱਲੂ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਫਲੈਸ਼ ਫਲੱਡ ਆਉਣ ਦੀ ਸੰਭਾਵਨਾ ਹੈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਸਾਵਧਾਨੀ ਵਰਤਣ। ਸਥਾਨਕ ਲੋਕਾਂ ਦੇ ਨਾਲ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਢਿੱਗਾਂ ਡਿੱਗਣ ਵਾਲੇ ਖੇਤਰਾਂ ਵਿੱਚ ਨਾ ਜਾਣ ਅਤੇ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰਾਜ ਭਰ ਵਿੱਚ 4 ਸਤੰਬਰ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 3 ਸਤੰਬਰ ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅਗਸਤ ਮਹੀਨੇ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਵੀਰਵਾਰ ਸਵੇਰ ਤੱਕ ਰਾਜ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਰਾਸ਼ਟਰੀ ਰਾਜਮਾਰਗ ਅਤੇ 134 ਸੜਕਾਂ ਬੰਦ ਹਨ। ਕਿਨੌਰ ਜ਼ਿਲ੍ਹੇ ‘ਚ ਰਾਸ਼ਟਰੀ ਰਾਜਮਾਰਗ ਨੰਬਰ ਪੰਜ ਬੰਦ ਹੋ ਗਿਆ ਹੈ। ਸ਼ਿਮਲਾ ਜ਼ਿਲ੍ਹੇ ਵਿੱਚ 59, ਸਿਰਮੌਰ ਵਿੱਚ 28, ਕੁੱਲੂ ਅਤੇ ਮੰਡੀ ਵਿੱਚ 16-16, ਕਾਂਗੜਾ ਵਿੱਚ 10 ਸੜਕਾਂ ਬੰਦ ਹਨ।
ਹਿੰਦੂਸਥਾਨ ਸਮਾਚਾਰ