Ranchi News: ਆਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਵਿੱਚ ਭਾਜਪਾ ਦੇ ਸਹਿ-ਚੋਣ ਇੰਚਾਰਜ ਹਿਮੰਤ ਵਿਸ਼ਵ ਸਰਮਾ ਨੇ ਦਾਅਵਾ ਕੀਤਾ ਹੈ ਕਿ ਝਾਰਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੀ ਜਾਸੂਸੀ ਕਰਵਾਈ ਹੈ। ਉਨ੍ਹਾਂ ਨੇ ਖੁਲਾਸਾ ਕਰਦਿਆ ਕਿਹਾ ਕਿ ਚੰਪਾਈ ਸੋਰੇਨ ਦੀ ਰੇਕੀ ਕੀਤੀ ਜਾ ਰਹੀ ਸੀ। ਨਾਲ ਹੀ ਝਾਰਖੰਡ ਤੋਂ ਦਿੱਲੀ ਤੱਕ ਦੋ ਲੋਕ ਉਨ੍ਹਾਂ ‘ਤੇ ਨਜ਼ਰ ਰੱਖ ਰਹੇ ਸਨ। ਇਸ ਦੌਰਾਨ ਇਕ ਔਰਤ ਨਾਲ ਮਿਲਕੇ ਕੁਝ ਵੱਡੀ ਖੇਡ ਦੀ ਵੀ ਤਿਆਰੀ ਸੀ। ਸ਼ਾਇਦ ਹਨੀਟ੍ਰੈਪ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਸਮਾਂ ਰਹਿੰਦਿਆਂ ਦਿੱਲੀ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ।
ਹਿਮੰਤ ਬਿਸਵਾ ਸਰਮਾ ਨੇ ਵੀ ਬੁੱਧਵਾਰ ਨੂੰ ਸੋਸ਼ਲ ਮੀਡੀਆ ਐਕਸ ‘ਤੇ ਇਸ ਗੱਲ ਨੂੰ ਸਾਂਝਾ ਕੀਤਾ। ਬੁੱਧਵਾਰ ਨੂੰ ਗੁਹਾਟੀ (ਅਸਾਮ) ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੰਪਾਈ ਸੋਰੇਨ ਜਦੋਂ ਰਾਂਚੀ ਤੋਂ ਕੋਲਕਾਤਾ ਪਹੁੰਚੇ ਅਤੇ ਕੋਲਕਾਤਾ ਤੋਂ ਮੁੜ ਦਿੱਲੀ ਗਏ ਤਾਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਰੇਕੀ ਕਰ ਰਹੇ ਦੋਵੇਂ ਲੋਕ ਵੀ ਇੱਕੋ ਫਲਾਈਟ ਵਿੱਚ ਇਕੱਠੇ ਗਏ। ਇਸ ਤੋਂ ਇਲਾਵਾ ਜਿਹੜੇ ਤਾਜ ਹੋਟਲ ’ਚ ਰੁਕੇ, ਉਨ੍ਹਾਂ ਦੇ ਨਾਲ ਹੀ ਰੂਮ ਬੁੱਕ ਕਰਕੇ ਦੋਵੇਂ ਰਹਿ ਰਹੇ ਸਨ। ਚੰਪਾਈ ਸੋਰੇਨ ਕਿਸ ਨਾਲ ਮਿਲ ਰਹੇ ਅਤੇ ਕਿੱਥੇ ਜਾ ਰਹੇ ਸੀ, ਇਸ ਬਾਰੇ ਫੋਟੋਆਂ ਅਤੇ ਪੂਰੀ ਜਾਣਕਾਰੀ ਝਾਰਖੰਡ ਸਰਕਾਰ ਨੂੰ ਭੇਜੀ ਜਾ ਰਹੀ ਸੀ।
ਹਿਮੰਤ ਅਨੁਸਾਰ ਜਦੋਂ ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਦਿੱਤਾ। ਜਦੋਂ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਤਾਂ ਪਤਾ ਲੱਗਾ ਕਿ ਦੋਵੇਂ ਨੌਜਵਾਨ ਝਾਰਖੰਡ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਸਨ। ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਡਿਊਟੀ ਲਾਈ ਗਈ ਸੀ। ਚੰਪਈ ਸੋਰੇਨ ਜਦੋਂ ਵੀ ਦਿੱਲੀ ਜਾਂਦੇ ਸੀ ਤਾਂ ਉਨ੍ਹਾਂ ਦੇ ਪਿੱਛੇ ਦੋ ਪੁਲਿਸ ਮੁਲਾਜ਼ਮ ਲਗਾਏ ਜਾਂਦੇ ਸਨ। ਚੰਪਈ ਸੋਰੇਨ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਵਾਇਆ ਹੈ। ਹੁਣ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।
ਹਿਮੰਤ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਰੇਕੀ ਕਰਨਾ ਠੀਕ ਨਹੀਂ ਹੈ। ਦੇਸ਼ ਵਿਚ ਸ਼ਾਇਦ ਇਹ ਪਹਿਲਾ ਅਜਿਹਾ ਮਾਮਲਾ ਹੋਵੇਗਾ, ਜਿੱਥੇ ਕਿਸੇ ਸਾਬਕਾ ਮੁੱਖ ਮੰਤਰੀ-ਕਮ ਮੰਤਰੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮਾਮਲੇ ’ਚ ਝਾਰਖੰਡ ਪਹੁੰਚਣ ਤੋਂ ਬਾਅਦ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਣਕਾਰੀ ਦੇਣਗੇ।
ਹਿੰਦੂਸਥਾਨ ਸਮਾਚਾਰ