Islamabad News: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਇਸਲਾਮਾਬਾਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਖੇਤਰੀ ਸੰਮੇਲਨ ‘ਚ ਹਿੱਸਾ ਲੈਣ ਲਈ ਯਕੀਨੀ ਤੌਰ ‘ਤੇ ਸੱਦਾ ਦੇਵੇਗਾ। ਜ਼ਿਕਰਯੋਗ ਹੈ ਕਿ ਇਹ ਸੰਮੇਲਨ ਇਸ ਸਾਲ ਅਕਤੂਬਰ ਵਿੱਚ ਗੁਆਂਢੀ ਮੁਲਕ ਵਿੱਚ ਹੋਣਾ ਹੈ। ਪਾਕਿਸਤਾਨ ਇਸ ਦਾ ਮੇਜ਼ਬਾਨ ਹੈ। ਫਿਲਹਾਲ ਉਹ ਸੰਮੇਲਨ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਹੈ।
ਜੀਓ ਨਿਊਜ਼ ਦੇ ਅਨੁਸਾਰ ਆਸਿਫ ਨੇ ਮੰਗਲਵਾਰ ਨੂੰ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਇਹ ਬਿਆਨ ਉਨ੍ਹਾਂ ਅਟਕਲਾਂ ਦੇ ਵਿਚਕਾਰ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ ਐਸਸੀਓ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਭਾਰਤੀ ਪ੍ਰਧਾਨ ਮੰਤਰੀ ਨੂੰ ਐਸਸੀਓ ਸੰਮੇਲਨ ਲਈ ਸੱਦਾ ਦੇਵੇਗਾ, ਜਿਸ ‘ਤੇ ਉਨ੍ਹਾਂ ਕਿਹਾ, ‘ਹਾਂ, ਯਕੀਨੀ ਤੌਰ ‘ਤੇ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।’’ ਆਸਿਫ਼ ਨੇ ਯਾਦ ਦਿਵਾਇਆ ਕਿ ਭਾਰਤ ਨੇ ਜੁਲਾਈ 2023 ਵਿੱਚ ਖੇਤਰੀ ਸੰਮੇਲਨ ਦੀ ਮੇਜ਼ਬਾਨੀ ਕਰਨ ਵੇਲੇ ਉਸ ਵੇਲੇ ਦੇ ਵਿਦੇਸ਼ ਮੰਤਰੀ ਬਿਲਾਵਲ-ਭੁੱਟੋ ਜ਼ਰਦਾਰੀ ਨੂੰ ਸੱਦਾ ਦਿੱਤਾ ਸੀ।
ਹਿੰਦੂਸਥਾਨ ਸਮਾਚਾਰ