New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ ਯੋਜਨਾ ਦੇ 10 ਸਾਲ ਪੂਰੇ ਹੋਣ ‘ਤੇ ਲਾਭਪਾਤਰੀਆਂ ਅਤੇ ਯੋਜਨਾ ਨੂੰ ਸਫਲ ਬਣਾਉਣ ‘ਚ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਅਗਸਤ 2014 ਨੂੰ ਜਨ ਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਤਹਿਤ ਹੁਣ ਤੱਕ 53.13 ਕਰੋੜ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ। ਇਨ੍ਹਾਂ ਖਾਤਿਆਂ ‘ਚ 2.3 ਲੱਖ ਕਰੋੜ ਰੁਪਏ ਜਮ੍ਹਾ ਹਨ। ਸਰਕਾਰ ਨੇ ਚਾਲੂ ਵਿੱਤੀ ਸਾਲ 2024-25 ਵਿੱਚ ਤਿੰਨ ਕਰੋੜ ਤੋਂ ਵੱਧ ਹੋਰ ਜਨ-ਧਨ ਖਾਤੇ ਖੋਲ੍ਹਣ ਦਾ ਟੀਚਾ ਰੱਖਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਲਿਖਿਆ, ”ਅੱਜ ਦੇਸ਼ ਲਈ ਇੱਕ ਇਤਿਹਾਸਕ ਦਿਨ ਹੈ- #10YearsOfJanDhan. ਇਸ ਮੌਕੇ ਮੈਂ ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਸਕੀਮ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ। ਜਨ-ਧਨ ਯੋਜਨਾ ਕਰੋੜਾਂ ਦੇਸ਼ਵਾਸੀਆਂ, ਖਾਸ ਕਰਕੇ ਸਾਡੇ ਗਰੀਬ ਭੈਣ-ਭਰਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਦੇਣ ਵਿੱਚ ਸਫਲ ਰਹੀ ਹੈ।
ਵਿੱਤ ਮੰਤਰਾਲੇ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਸਫਲਤਾਪੂਰਵਕ ਆਪਣੇ ਲਾਗੂ ਹੋਣ ਦਾ ਇੱਕ ਦਹਾਕਾ ਪੂਰਾ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਵਿੱਤੀ ਸਮਾਵੇਸ਼ ਅਤੇ ਸਸ਼ਕਤੀਕਰਨ ਪ੍ਰਾਪਤ ਕਰਨ ਲਈ ਰਸਮੀ ਬੈਂਕਿੰਗ ਸੇਵਾਵਾਂ ਤੱਕ ਵਿਆਪਕ ਅਤੇ ਕਿਫਾਇਤੀ ਪਹੁੰਚ ਜ਼ਰੂਰੀ ਹੈ। ਇਹ ਗਰੀਬਾਂ ਨੂੰ ਆਰਥਿਕ ਮੁੱਖ ਧਾਰਾ ਵਿੱਚ ਜੋੜਦਾ ਹੈ ਅਤੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੀਤਾਰਮਨ ਨੇ ਕਿਹਾ ਕਿ ਇਹ ਨੋਟ ਕਰਨਾ ਖੁਸ਼ੀ ਦੀ ਗੱਲ ਹੈ ਕਿ 67 ਫੀਸਦੀ ਖਾਤੇ ਪੇਂਡੂ ਜਾਂ ਅਰਧ-ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਗਏ, ਜਦੋਂ ਕਿ 55 ਫੀਸਦੀ ਖਾਤੇ ਔਰਤਾਂ ਵਲੋਂ ਖੋਲ੍ਹੇ ਗਏ ਸਨ।
ਹਿੰਦੂਸਥਾਨ ਸਮਾਚਾਰ