New Delhi: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (ਬੀਪੀਆਰਐਂਡਡੀ) ਦੇ 54ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਵੇਂ ਅਪਰਾਧਿਕ ਕਾਨੂੰਨ-ਨਾਗਰਿਕ ਕੇਂਦਰਿਤ ਸੁਧਾਰਾਂ ਦੇ ਵਿਸ਼ੇ ‘ਤੇ ਡਾ. ਆਨੰਦ ਸਵਰੂਪ ਗੁਪਤਾ ਮੈਮੋਰੀਅਲ ਲੈਕਚਰ ਵੀ ਦੇਣਗੇ। ਉਹ ਸਾਲ 2023 ਅਤੇ 2024 ਲਈ ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (ਪੀਐਸਐਮ) ਅਤੇ ਰਾਸ਼ਟਰਪਤੀ ਮੈਡਲ ਫਾਰ ਮੈਰੀਟੋਰੀਅਸ ਸਰਵਿਸ (ਐਮਐਸਐਮ) ਜੇਤੂਆਂ ਨੂੰ ਸਨਮਾਨਿਤ ਵੀ ਕਰਨਗੇ। ਸਮਾਗਮ ਦੌਰਾਨ ਗ੍ਰਹਿ ਮੰਤਰੀ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਬਿਊਰੋ ਦੇ ਪ੍ਰਕਾਸ਼ਨ ‘ਇੰਡੀਅਨ ਪੁਲਿਸ ਜਰਨਲ’ ਦਾ ਵਿਸ਼ੇਸ਼ ਐਡੀਸ਼ਨ ਵੀ ਜਾਰੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ, ਬੀਪੀਆਰ ਐਂਡ ਡੀ ਦਾ ਉਦੇਸ਼ ਭਾਰਤੀ ਪੁਲਿਸ ਬਲਾਂ ਜ਼ਰੂਰੀ ਬੌਧਿਕ, ਭੌਤਿਕ ਅਤੇ ਸੰਗਠਨਾਤਮਕ ਸਰੋਤਾਂ ਨਾਲ ਲੈਸ ਕਰਕੇ ਪੁਲਿਸਿੰਗ ਦੇ ਨਾਲ-ਨਾਲ ਅੰਦਰੂਨੀ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਸਮਾਰਟ ਬਲਾਂ ਵਿੱਚ ਬਦਲਣ ਲਈ ਵਚਨਬੱਧ ਹੈ।
ਸਾਲ 1970 ਵਿੱਚ ਆਪਣੀ ਸ਼ੁਰੂਆਤ ਤੋਂ, ਬੀਪੀਆਰ ਐਂਡ ਡੀ ਖੋਜ ਅਤੇ ਵਿਕਾਸ ਵਿੱਚ ਪੁਲਿਸਿੰਗ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਪੁਲਿਸ ਦੇ ਥਿੰਕ ਟੈਂਕ ਵਜੋਂ ਕੰਮ ਕਰ ਰਿਹਾ ਹੈ। ਇਸ ਸੰਸਥਾ ਦਾ ਫੋਕਸ ਪੁਲਿਸ ਅਤੇ ਸੁਧਾਰਾਤਮਕ ਸੇਵਾਵਾਂ ਲਈ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਵਿਕਸਤ ਕਰਨਾ, ਨਾਗਰਿਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਤਕਨਾਲੋਜੀਆਂ ਦੀ ਖੋਜ ਕਰਨਾ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨਿਰਮਾਣ, ਰਾਜਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਵਿਚਕਾਰ ਸਹਿਯੋਗ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ।
ਸਮਾਰੋਹ ਵਿੱਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੇ ਡਾਇਰੈਕਟਰ ਜਨਰਲ, ਕੇਂਦਰੀ ਪੁਲਿਸ ਸੰਗਠਨਾਂ ਦੇ ਮੁਖੀ ਅਤੇ ਗ੍ਰਹਿ ਮੰਤਰਾਲੇ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।
ਹਿੰਦੂਸਥਾਨ ਸਮਾਚਾਰ