Kolkata News: ਆਰਜੀ ਕਰ ਜਬਰ ਜ਼ਨਾਹ ਅਤੇ ਕਤਲ ਕੇਸ ਤੋਂ ਬਾਅਦ ਸਭ ਤੋਂ ਵੱਡੇ ਖਲਨਾਇਕ ਵਜੋਂ ਸਾਹਮਣੇ ਆਏ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਐਤਵਾਰ ਨੂੰ ਕੇਂਦਰੀ ਏਜੰਸੀ ਸੀਬੀਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ 13 ਘੰਟੇ ਤੋਂ ਵੱਧ ਸਮੇਂ ਤੱਕ ਛਾਪਾ ਮਾਰਿਆ। ਛਾਪੇਮਾਰੀ ਪੂਰੀ ਹੋਣ ਤੋਂ ਬਾਅਦ ਇਕ ਅਧਿਕਾਰੀ ਨੇ ਦੱਸਿਆ ਕਿ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਐਤਵਾਰ ਸਵੇਰੇ 6:50 ਵਜੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਟੀਮ ਕੋਲਕਾਤਾ ਦੇ ਬੇਲਘਰੀਆ ਇਲਾਕੇ ‘ਚ ਸਥਿਤ ਸੰਦੀਪ ਘੋਸ਼ ਦੇ ਘਰ ਪਹੁੰਚੀ। ਹਾਲਾਂਕਿ, ਉਨ੍ਹਾਂ ਨੂੰ ਤੁਰੰਤ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਸੀਬੀਆਈ ਅਧਿਕਾਰੀਆਂ ਨੂੰ 75 ਮਿੰਟ ਤੱਕ ਘਰ ਦੇ ਬਾਹਰ ਇੰਤਜ਼ਾਰ ਕਰਨਾ ਪਿਆ। ਆਖ਼ਰਕਾਰ ਸਵੇਰੇ 8:06 ਵਜੇ ਸੰਦੀਪ ਘੋਸ਼ ਨੇ ਦਰਵਾਜ਼ਾ ਖੋਲ੍ਹਿਆ ਅਤੇ ਸੀਬੀਆਈ ਟੀਮ ਨੂੰ ਅੰਦਰ ਜਾਣ ਦਿੱਤਾ।
ਸੀਬੀਆਈ ਨੇ ਸੰਦੀਪ ਦੇ ਘਰ ਲਗਾਤਾਰ 12 ਘੰਟੇ 40 ਮਿੰਟ ਤੱਕ ਤਲਾਸ਼ੀ ਮੁਹਿੰਮ ਚਲਾਈ। ਰਾਤ 8:46 ‘ਤੇ ਸੀਬੀਆਈ ਦੇ ਅਧਿਕਾਰੀਆਂ ਦੇ ਸੰਦੀਪ ਦੇ ਘਰ ਤੋਂ ਬਾਹਰ ਨਿਕਲਣ ‘ਤੇ ਕਾਰਵਾਈ ਖਤਮ ਹੋਈ। ਸੂਤਰਾਂ ਮੁਤਾਬਕ ਸੀਬੀਆਈ ਨੇ ਸੰਦੀਪ ਦੇ ਘਰੋਂ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਪਹਿਲਾਂ ਇਨ੍ਹਾਂ ਦਸਤਾਵੇਜ਼ਾਂ ਨੂੰ ਨਿਜ਼ਾਮ ਪੈਲੇਸ ਸਥਿਤ ਕੇਂਦਰੀ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ ਸੀ ਜਿੱਥੋਂ ਅਧਿਕਾਰੀ ਬਾਅਦ ’ਚ ਇਨ੍ਹਾਂ ਨੂੰ ਸੀਜੀਓ ਕੰਪਲੈਕਸ ਲੈ ਗਏ।
ਇਹ ਤਲਾਸ਼ੀ ਮੁਹਿੰਮ ਆਰਜੀਕਰ ਮੈਡੀਕਲ ਕਾਲਜ ਵਿੱਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਚਲਾਈ ਗਈ ਸੀ, ਜਿਸ ਵਿੱਚ ਸੰਦੀਪ ਘੋਸ਼ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ। ਛਾਪੇਮਾਰੀ ਵਿੱਚ ਸੀਬੀਆਈ ਦੀ ਸੱਤ ਮੈਂਬਰੀ ਟੀਮ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਲ ਸੀ। ਹਾਲਾਂਕਿ ਜਦੋਂ ਸੀਬੀਆਈ ਦੀ ਟੀਮ ਪਹਿਲੀ ਵਾਰ ਸੰਦੀਪ ਦੇ ਘਰ ਪਹੁੰਚੀ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਘੰਟੀ ਵਜਾਉਣ ਅਤੇ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਸੰਦੀਪ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ।ਇਸ ਦੌਰਾਨ ਸੀਬੀਆਈ ਦੇ ਕੁਝ ਅਧਿਕਾਰੀ ਬੇਲਗਰੀਆ ਥਾਣੇ ਜਾ ਕੇ ਇਸ ਸਥਿਤੀ ’ਤੇ ਚਰਚਾ ਕਰ ਰਹੇ ਸੀ ਕਿ ਕੀ ਕੀਤਾ ਜਾ ਸਕਦਾ ਹੈ, ਉਦੋਂ ਹੀ ਸੰਦੀਪ ਨੇ ਦਰਵਾਜ਼ਾ ਖੋਲ੍ਹਿਆ ਅਤੇ ਸੀਬੀਆਈ ਟੀਮ ਨੂੰ ਅੰਦਰ ਜਾਣ ਦਿੱਤਾ।
ਤਲਾਸ਼ੀ ਦੌਰਾਨ ਸੀਬੀਆਈ ਨੇ ਸੰਦੀਪ ਤੋਂ ਵੀ ਪੁੱਛਗਿੱਛ ਕੀਤੀ। ਕਰੀਬ ਚਾਰ ਘੰਟੇ ਬਾਅਦ ਸੀਬੀਆਈ ਦੀ ਇੱਕ ਹੋਰ ਟੀਮ ਸੰਦੀਪ ਦੇ ਘਰ ਪਹੁੰਚੀ, ਜਿਸ ਵਿੱਚ ਛੇ ਮੈਂਬਰ ਸਨ। ਕੁਝ ਸਮੇਂ ਬਾਅਦ ਤਿੰਨ ਅਧਿਕਾਰੀ ਇਕ ਬੈਗ ਲੈ ਕੇ ਬਾਹਰ ਆਏ, ਜੋ ਸੰਦੀਪ ਦੇ ਘਰੋਂ ਕਥਿਤ ਤੌਰ ‘ਤੇ ਬਰਾਮਦ ਹੋਏ ਦਸਤਾਵੇਜ਼ਾਂ ਨਾਲ ਭਰਿਆ ਹੋਇਆ ਸੀ। ਇਸ ਬੈਗ ਨੂੰ ਤੁਰੰਤ ਨਿਜ਼ਾਮ ਪੈਲੇਸ ਤੋਂ ਸੀਬੀਆਈ ਹੈੱਡਕੁਆਰਟਰ ਲਿਜਾਇਆ ਗਿਆ।
ਤਲਾਸ਼ੀ ਦੌਰਾਨ ਸੀਬੀਆਈ ਟੀਮ ਦੇ ਅਚਾਨਕ ਹੋਏ ਵਾਧੇ ਨੇ ਅਟਕਲਾਂ ਨੂੰ ਜਨਮ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕੋਈ ਹੋਰ ਵੱਡਾ ਬਦਲਾਅ ਨਹੀਂ ਦੇਖਿਆ ਗਿਆ। ਆਖ਼ਰਕਾਰ ਰਾਤ ਕਰੀਬ 8:45 ਵਜੇ ਸੀਬੀਆਈ ਦੀ ਟੀਮ ਸੰਦੀਪ ਦੇ ਘਰੋਂ ਬਾਹਰ ਆਈ ਅਤੇ ਸੂਤਰਾਂ ਅਨੁਸਾਰ ਕਈ ਜ਼ਰੂਰੀ ਦਸਤਾਵੇਜ਼ ਲੈ ਕੇ ਵਾਪਸ ਆ ਗਈ।
ਹਿੰਦੂਸਥਾਨ ਸਮਾਚਾਰ