Kathmandu News: ਨੇਪਾਲ ‘ਚ ਭਾਰਤੀ ਸੈਲਾਨੀਆਂ ਨੂੰ ਲੈ ਕੇ ਪੋਖਰਾ ਤੋਂ ਕਾਠਮੰਡੂ ਪਰਤਣ ਵਾਲੀ ਗੋਰਖਪੁਰ ਦੀ ਬੱਸ ਦੇ ਮਰਸਯਾਂਗਡੀ ਨਦੀ ‘ਚ ਡਿੱਗਣ ਕਾਰਨ ਹਾਦਸੇ ‘ਚ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਇਸ ਬੱਸ ਵਿੱਚ ਕਰੀਬ 43 ਭਾਰਤੀ ਸਵਾਰ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ 24 ਲੋਕਾਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਵਾਪਸ ਮਹਾਰਾਸ਼ਟਰ ਲਿਆਂਦੀਆਂ ਜਾਣਗੀਆਂ।
ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਕਿਹਾ ਹੈ ਕਿ ਨੇਪਾਲ ‘ਚ ਬੱਸ ਨਦੀ ‘ਚ ਡਿੱਗਣ ਨਾਲ 41 ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ਫੌਜ ਨੇ ਕੁਝ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਕੋਲ ਸਹੀ ਅੰਕੜੇ ਨਹੀਂ ਹਨ। ਅਸੀਂ ਲਗਾਤਾਰ ਸੰਪਰਕ ਵਿੱਚ ਹਾਂ।
ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨਾਲ ਭਰੀ ਬੱਸ ਸ਼ੁੱਕਰਵਾਰ ਨੂੰ ਪੋਖਰਾ ਤੋਂ ਕਾਠਮੰਡੂ ਪਰਤ ਰਹੀ ਸੀ। ਤਨਹੁਨ ਜ਼ਿਲ੍ਹੇ ਦੇ ਆਇਨਾ ਪਹਾਰਾ ਵਿਖੇ ਬੱਸ ਹਾਈਵੇਅ ਤੋਂ ਨਦੀ ਵਿੱਚ ਪਲਟ ਗਈ। 16 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 11 ਦੀ ਇਲਾਜ ਦੌਰਾਨ ਮੌਤ ਹੋ ਗਈ। ਹੋਰ ਜ਼ਖ਼ਮੀਆਂ ਨੂੰ ਹਵਾਈ ਜਹਾਜ਼ ਰਾਹੀਂ ਕਾਠਮੰਡੂ ਲਿਜਾ ਕੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ‘ਚ ਮਾਰੇ ਗਏ ਲੋਕਾਂ ‘ਚ ਜ਼ਿਆਦਾਤਰ ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ ਦੇ ਭੂਸਲ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਦੇ ਦਫਤਰ ਨੇ ਦੱਸਿਆ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ 24 ਲਾਸ਼ਾਂ ਸ਼ਨੀਵਾਰ ਨੂੰ ਮਹਾਰਾਸ਼ਟਰ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਖਲ ਕਾਰਨ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਦਾ ਪ੍ਰਬੰਧ ਕੀਤਾ ਜਾ ਸਕਿਆ ਹੈ।
ਹਿੰਦੂਸਥਾਨ ਸਮਾਚਾਰ