New Delhi: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਪਹਿਲੇ ਰਾਸ਼ਟਰੀ ਪੁਲਾੜ ਦਿਵਸ ‘ਤੇ ਰਾਸ਼ਟਰੀ ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ਪੁਲਾੜ ਤਕਨੀਕਾਂ ਅਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਅਤੇ ਇਸਰੋ ਦੇ ਚੇਅਰਮੈਨ ਐਸ. ਸੋਮਨਾਥ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਰਾਸ਼ਟਰੀ ਪੁਲਾੜ ਦਿਵਸ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ‘ਤੇ ਲਿਖਿਆ, ”ਪਹਿਲੇ ਰਾਸ਼ਟਰੀ ਪੁਲਾੜ ਦਿਵਸ ‘ਤੇ ਸਾਰਿਆਂ ਨੂੰ ਵਧਾਈ। ਅਸੀਂ ਪੁਲਾੜ ਖੇਤਰ ਵਿੱਚ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਬੜੇ ਮਾਣ ਨਾਲ ਯਾਦ ਕਰਦੇ ਹਾਂ। ਇਹ ਸਾਡੇ ਪੁਲਾੜ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦਾ ਵੀ ਦਿਨ ਹੈ। ਸਾਡੀ ਸਰਕਾਰ ਨੇ ਇਸ ਖੇਤਰ ਨਾਲ ਸਬੰਧਤ ਕਈ ਭਵਿੱਖਮੁਖੀ ਫੈਸਲੇ ਲਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਫੈਸਲੇ ਲਵਾਂਗੇ।’’
ਜ਼ਿਕਰਯੋਗ ਹੈ ਕਿ ਰਾਸ਼ਟਰੀ ਪੁਲਾੜ ਦਿਵਸ ਸਾਲ 2023 ਵਿੱਚ ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਦੇ ਇੱਕ ਸਾਲ ਪੂਰੇ ਹੋਣ ਦਾ ਪ੍ਰਤੀਕ ਹੈ। ਹੁਣ ਭਾਰਤ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਜੈਕਟ ਗਗਨਯਾਨ ਦੀ ਪਹਿਲੀ ਰੋਬੋਟ-ਮਨੁੱਖੀ ਪ੍ਰੀਖਣ ਉਡਾਣ ਇਸ ਸਾਲ ਦਸੰਬਰ ਵਿੱਚ ਹੋਣ ਵਾਲੀ ਹੈ। ਗਗਨਯਾਨ ਪਰਿਯੋਜਨਾ ’ਚ ਤਿੰਨ ਮੈਂਬਰੀ ਦਲ ਨੂੰ ਤਿੰਨ ਦਿਨਾਂ ਦੇ ਮਿਸ਼ਨ ਲਈ 400 ਕਿਲੋਮੀਟਰ ਦੇ ਆਰਬਿਟ ਵਿੱਚ ਭੇਜ ਕੇ ਮਨੁੱਖੀ ਪੁਲਾੜ ਉਡਾਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਭਾਰਤੀ ਸਮੁੰਦਰ ’ਚ ਉਤਾਰ ਕੇ ਸੁਰੱਖਿਅਤ ਰੂਪ ਵਿੱਚ ਧਰਤੀ ’ਤੇ ਵਾਪਸ ਲਿਆਉਣ ਦੀ ਕਲਪਨਾ ਕੀਤੀ ਗਈ ਹੈ।
ਪਹਿਲਾ ਰਾਸ਼ਟਰੀ ਪੁਲਾੜ ਦਿਵਸ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦੀ ਵਰ੍ਹੇਗੰਢ ਹੈ। ਇਸ ਸਾਲ ਦੀ ਥੀਮ ‘ਚੰਨ ਨੂੰ ਛੂਹ ਕੇ ਜੀਵਨ ਨੂੰ ਛੂਹਣਾ: ਭਾਰਤ ਦੀ ਪੁਲਾੜ ਕਹਾਣੀ’ ਹੈ। ਪਹਿਲੇ ਰਾਸ਼ਟਰੀ ਪੁਲਾੜ ਦਿਵਸ ਨੂੰ ਵੱਖ-ਵੱਖ ਪਲੇਟਫਾਰਮਾਂ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਪ੍ਰੋਗਰਾਮ ਨੂੰ ਇਸਰੋ ਦੇ ਯੂਟਿਊਬ ਚੈਨਲ ਦੇ ਨਾਲ-ਨਾਲ ਡੀਡੀ ਨਿਊਜ਼ ‘ਤੇ ਵੀ ਦੇਖਿਆ ਜਾ ਸਕਦਾ ਹੈ।
ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਸਪੇਸ ਬਾਰੇ ਪ੍ਰੇਰਿਤ ਕਰਨ ਲਈ ਦੇਸ਼ ਭਰ ਦੇ ਸਕੂਲਾਂ ਵਿੱਚ ਵਿਦਿਅਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਹ ਦਿਨ ਭਾਰਤ ਦੀਆਂ ਵਿਗਿਆਨਕ ਅਤੇ ਤਕਨੀਕੀ ਪ੍ਰਾਪਤੀਆਂ ਦਾ ਜਸ਼ਨ ਹੈ। ਇਹ ਦੇਸ਼ ਦੇ ਪੁਲਾੜ ਖੋਜ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ। ਇਸ ਉਤਸਵ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ, ਪੁਲਾੜ ਖੋਜ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸਰੋ ਦੇ ਯੋਗਦਾਨ ਦਾ ਸਨਮਾਨ ਕਰਨਾ ਹੈ।
ਹਿੰਦੂਸਥਾਨ ਸਮਾਚਾਰ