Gangster Ramanjit Singh :ਪੰਜਾਬ ਦੀ ਮਸ਼ਹੂਰ ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਨੂੰ ਹਾਂਗਕਾਂਗ ਤੋਂ ਹਵਾਲਗੀ ਕਰ ਲਈ ਗਈ ਹੈ। ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਟੀਮ ਵੀਰਵਾਰ ਨੂੰ ਉਸ ਨੂੰ ਭਾਰਤ ਲੈ ਆਈ ਹੈ। ਪੰਜਾਬ ਪੁਲਿਸ ਵੱਲੋਂ ਰਮਨਜੀਤ ਰੋਮੀ ਨੂੰ ਸ਼ੁਕਰਵਾਰ ਸਵੇਰੇ ਤੜਕਸਾਰ 3:30 ਵਜੇ ਨਾਭਾ ‘ਚ ਡਿਊਟੀ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਗਿਆ। ਜਿੱਥੇ 20 ਮਿੰਟ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਰਮਨਜੀਤ ਰੋਮੀ ਜੋ ਕਿ 2018 ਦਾ ਹਾਂਗਕਾਂਗ ਤੋਂ ਜੇਲ ਵਿੱਚ ਬੰਦ ਸੀ। ਹੁਣ ਅਦਾਲਤ ਦੇ ਅਗਲੇ ਆਦੇਸ਼ਾਂ ਤੱਕ ਨਾਭਾ ਦੀ ਨਵੀਂ ਜ਼ਿਲਾ ਜੇਲ ਵਿੱਚ ਰਹੇਗਾ ਪੰਜਾਬ ਪੁਲਿਸ ਵੀਰਵਾਰ ਸ਼ਾਮ 5 ਵਜੇ ਦਿੱਲੀ ਏਅਰਪੋਰਟ ‘ਤੇ ਲੈਂਡ ਕਰਨ ਤੋਂ ਬਾਅਦ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਅਤੇ ਸਾਰੀ ਰਾਤ ਸਫਰ ਤੋਂ ਬਾਅਦ ਸਵੇਰੇ 3 ਵਜੇ ਨਾਭਾ ਪਹੁੰਚੀ। ਜਿੱਥੇ ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਅਧੀਨ ਰਮਨਜੀਤ ਰੋਮੀ ਨੂੰ ਪਹਿਲਾਂ ਅਦਾਲਤ ਵਿੱਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਨਾਭਾ ਵਿਖੇ ਰੋਮੀ ਦਾ ਮੈਡੀਕਲ ਵੀ ਕਰਵਾਇਆ ਗਿਆ। ਅਦਾਲਤ ਦੇ ਆਦੇਸ਼ਾਂ ਤੇ ਪੁਲਿਸ ਵੱਲੋਂ ਸਵੇਰੇ 4 ਵਜੇ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿੱਚ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਾਭਾ ਜੇਲ ਬਰੇਕ ਕੇਸ ਵਿੱਚ ਮੈਕਸੀਮਮ ਸਿਕਿਉਰਟੀ ਜੇਲ ਨੂੰ ਹੁਣ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਮੈਕਸੀਮਮ ਸਿਕਿਊਰਟੀ ਜੇਲ ਫਿਲਹਾਲ ਬੰਦ ਹੈ ਅਤੇ ਹੁਣ ਕੈਦੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਭੇਜੇ ਜਾ ਰਹੇ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਰੋਮੀ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਦੀ ਸਮੇਤ ਆਈਐਸਆਈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਹੋਰ ਭਗੌੜੇ ਕੈਦੀਆਂ ਦੇ ਸੰਪਰਕ ਵਿੱਚ ਸੀ।
ਰੋਮੀ ਖ਼ਿਲਾਫ਼ ਪੰਜਾਬ ਵਿੱਚ ਤਿੰਨ ਕੇਸ ਦਰਜ ਹਨ। ਦਸ ਦਇਏ ਕਿ ਨਾਭਾ ਪੁਲਸ ਨੇ ਉਸ ਨੂੰ ਜੂਨ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ ਮਿਲਣ ਤੋਂ ਬਾਅਦ ਉਹ ਹਾਂਗਕਾਂਗ ਭੱਜ ਗਿਆ। ਉਥੋਂ ਉਸ ਨੇ 27 ਨਵੰਬਰ 2016 ਨੂੰ ਨਾਭਾ ਜੇਲ੍ਹ ਬ੍ਰੇਕ ਦੀ ਸਾਜ਼ਿਸ਼ ਰਚੀ ਅਤੇ ਫੰਡ ਵੀ ਮੁਹੱਈਆ ਕਰਵਾਏ। ਕੇਐਲਐਫ ਦੇ ਅੱਤਵਾਦੀ ਮਿੰਟੂ ਸਮੇਤ ਛੇ ਬਦਨਾਮ ਅਪਰਾਧੀ ਜੇਲ੍ਹ ਤੋੜ ਕੇ ਫਰਾਰ ਹੋ ਗਏ ਸਨ। ਰੋਮੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ