Maharashtra News: ਮੁੰਬਈ ਹਾਈ ਕੋਰਟ ਨੇ ਬਦਲਾਪੁਰ ਦੇ ਆਦਰਸ਼ ਵਿੱਦਿਆਮੰਦਰ ਸਕੂਲ ਵਿੱਚ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਵੀਰਵਾਰ ਨੂੰ ਖੁਦ ਨੋਟਿਸ ਲਿਆ। ਜਸਟਿਸ ਰੇਵਤੀ ਡੇਰੇ ਅਤੇ ਜਸਟਿਸ ਪੀਕੇ ਚਵਾਨ ਦੀ ਬੈਂਚ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਪੁਲਸ ਨੂੰ ਫਟਕਾਰ ਲਗਾਈ। ਬੈਂਚ ਨੇ ਮਹਾਰਾਸ਼ਟਰ ਪੁਲਸ ਨੂੰ ਕਿਹਾ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਬਹੁਤ ਦੇਰੀ ਹੋਈ ਹੈ। ਬਦਲਾਪੁਰ ‘ਚ ਰੋਸ ਮੁਜਾਹਰੇ ਤੋਂ ਬਾਅਦ ਹੀ ਕਿਓਂ ਪੁਲਸ ਨੇ ਕਾਰਵਾਈ ਕੀਤੀ?
ਅਦਾਲਤ ਨੇ ਪੁਲਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਕਿਸੇ ਵੀ ਤਰੀਕੇ ਨਾਲ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕਾਰਵਾਈ ਕਰਨ ਤੋਂ ਨਹੀਂ ਝਿਜਕਾਂਗੇ ਨਹੀਂ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਾਨੂੰ ਇੱਥੇ ਸਾਰੇ ਦਸਤਾਵੇਜ਼ਾਂ ਦੀ ਲੋੜ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਕਿ ਬਦਲਾਪੁਰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸਬੰਧਤ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅਦਾਲਤ ਨੇ ਰਾਜ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਜਨਰਲ ਬੀਰੇਂਦਰ ਸਰਾਫ਼ ਤੋਂ ਕਈ ਸਵਾਲ ਪੁੱਛੇ। ਅਦਾਲਤ ਨੇ ਪੁੱਛਿਆ ਕਿ ਵਿਸ਼ੇਸ਼ ਟੀਮ ਨੂੰ ਜਾਂਚ ਸੌਂਪਣ ਤੋਂ ਪਹਿਲਾਂ ਬਦਲਾਪੁਰ ਪੁਲਸ ਨੇ ਕੀ ਕੀਤਾ..? ਉਸ ਦੇ ਦਸਤਾਵੇਜ਼ ਕਿੱਥੇ ਹਨ? ਅਦਾਲਤ ਨੇ ਰਾਜ ਸਰਕਾਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਪੀੜਤ ਲੜਕੀਆਂ ਦੀ ਕਾਊਂਸਲਿੰਗ ਕੀਤੀ ਹੈ? ਇਸ ‘ਤੇ ਸੂਬਾ ਸਰਕਾਰ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਇਕ ਪੀੜਤ ਲੜਕੀ ਦੀ ਕਾਊਂਸਲਿੰਗ ਹੋ ਚੁੱਕੀ ਹੈ ਅਤੇ ਦੂਜੀ ਲੜਕੀ ਦੀ ਕਾਊਂਸਲਿੰਗ ਚੱਲ ਰਹੀ ਹੈ।
ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਹ ਘਟਨਾ ਬਦਲਾਪੁਰ ਦੇ ਆਦਰਸ਼ ਵਿਦਿਆਮੰਦਰ ਸਕੂਲ ਵਿੱਚ 12 ਅਤੇ 13 ਅਗਸਤ ਨੂੰ ਵਾਪਰੀ ਸੀ ਅਤੇ ਮਾਪੇ 16 ਅਗਸਤ ਨੂੰ ਥਾਣੇ ਆਏ ਸਨ। ਇਸ ਮਾਮਲੇ ਵਿੱਚ ਕੱਲ੍ਹ 21 ਅਗਸਤ ਨੂੰ ਐਸ.ਆਈ.ਟੀ. ਬਦਲਾਪੁਰ ਥਾਣੇ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਡਵੋਕੇਟ ਜਨਰਲ ਬੀਰੇਂਦਰ ਸਰਾਫ਼ ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਨੂੰ ਲੁਕਾਉਣ ਲਈ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਇਸ ਸਬੰਧੀ ਵਿਸਥਾਰਤ ਹਲਫ਼ਨਾਮਾ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 27 ਅਗਸਤ ਨੂੰ ਦੁਪਹਿਰ 2.30 ਵਜੇ ਹੋਵੇਗੀ।
ਹਿੰਦੂਸਥਾਨ ਸਮਾਚਾਰ