Patiala News: ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-3 ਦੀ ਸ਼ੁਰੂਆਤ ਖੇਡ ਮਸ਼ਾਲ ਨਾਲ ਹੋ ਚੁੱਕੀ ਹੈ। ਖੇਡਾਂ ਦੀ ਮਸ਼ਾਲ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ‘ਚੋਂ ਹੁੰਦੇ ਹੋਏ 26 ਅਗਸਤ ਨੂੰ ਪਟਿਆਲਾ ਵਿਖੇ ਪੁੱਜੇਗੀ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਨੇ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਖੇਡਾਂ ਦੀ ਰਵਾਇਤ ਮੁਤਾਬਿਕ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਦੇ ਉਦਘਾਟਨੀ ਸਮਾਰੋਹ ਮੌਕੇ ਜਲਾਈ ਜਾਣ ਵਾਲੀ ਮਸ਼ਾਲ ਨੂੰ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹਾ ਹੈੱਡਕੁਆਟਰ ਵਿੱਚ ਲਿਜਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ 20 ਅਗਸਤ ਤੋਂ ਲੁਧਿਆਣਾ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਸ਼ੁਰੂ ਹੋ ਕੇ ਇਹ ਮਸ਼ਾਲ ਯਾਤਰਾ ਵੱਖ ਵੱਖ ਜ਼ਿਲ੍ਹਿਆਂ ਤੋਂ ਹੁੰਦੇ ਹੋਏ 26 ਅਗਸਤ ਨੂੰ ਪਟਿਆਲਾ ਵਿਖੇ ਪਹੁੰਚੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਪਹੁੰਚਣ ‘ਤੇ ਮਸ਼ਾਲ ਯਾਤਰਾ ਦਾ ਜ਼ਿਲ੍ਹਾ ਪ੍ਰਸ਼ਾਸਨ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਇਹ ਮਸ਼ਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪਟਿਆਲਾ ਵਿਖੇ ਆਵੇਗੀ ਜਿਸ ਨੂੰ ਜਖਵਾਲੀ ਤੋਂ ਪਟਿਆਲਾ ਦੇ ਖਿਡਾਰੀ ਪ੍ਰਾਪਤ ਕਰਨਗੇ। ਇਸ ਉਪਰੰਤ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਲੀਲਾ ਭਵਨ, ਫੁਹਾਰਾ ਚੌਂਕ ਤੋਂ ਹੁੰਦੇ ਹੋਏ ਇਹ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਵਿਖੇ ਲਿਆਂਦੀ ਜਾਵੇਗੀ ਜਿਥੇ ਖਿਡਾਰੀਆਂ ਸਮੇਤ ਪਟਿਆਲਾ ਵਾਸੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਮਸ਼ਾਲ ਯਾਤਰਾ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2024’ ਸੀਜ਼ਨ-3 ਵਿੱਚ ਭਾਗ ਲੈਣ ਲਈ ਆਨ ਲਾਈਨ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਵੱਖ-ਵੱਖ ਖੇਡਾਂ ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਸੂਬਾ ਪੱਧਰ ‘ਤੇ ਅੰਡਰ-14, ਅੰਡਰ-17, ਅੰਡਰ-21, ਅੰਡਰ 21-30, ਅੰਡਰ 31-40, ਅੰਡਰ 41-50, ਅੰਡਰ 51-60, ਅੰਡਰ 61-70 ਅਤੇ 70 ਤੋਂ ਉਪਰ ਉਮਰ ਵਰਗ ਵਿੱਚ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਨਲਾਈਨ ਪੋਰਟਲ https://eservices.punjab.gov.in ‘ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਜਾ ਫੇਰ ਆਪਣੇ ਸਕੂਲ ਰਾਹੀਂ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਖੇਡ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ