New Delhi: ਰਾਸ਼ਟਰੀ ਦਲਿਤ ਅਤੇ ਆਦਿਵਾਸੀ ਸੰਗਠਨ ਕਨਫੈਡਰੇਸ਼ਨ ਦੇ ਸੱਦੇ ‘ਤੇ ਅੱਜ ਸਵੇਰੇ ਭਾਰਤ ਬੰਦ ਸ਼ੁਰੂ ਹੋ ਗਿਆ। ਇਸ ਦਾ ਅਸਰ ਬਿਹਾਰ ਵਿੱਚ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਜਹਾਨਾਬਾਦ ‘ਚ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ 83 ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਹੈ। ਪੂਰਨੀਆ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਟਾਇਰ ਸਾੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਰਾ ਰੇਲਵੇ ਸਟੇਸ਼ਨ ‘ਤੇ ਰਾਣੀ ਕਮਲਾਪਤੀ-ਸਹਰਸਾ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ।
ਕਨਫੈਡਰੇਸ਼ਨ ਨੇ ਭਾਰਤ ਬੰਦ ਦਾ ਸੱਦਾ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੀ ਮਜ਼ਬੂਤ ਨੁਮਾਇੰਦਗੀ ਅਤੇ ਸੁਰੱਖਿਆ ਦੀ ਮੰਗ ਲਈ ਦਿੱਤਾ ਹੈ। ਸੰਗਠਨ ਨੇ ਮੰਗਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਸ ਵਿੱਚ ਸਭ ਤੋਂ ਮਹੱਤਵਪੂਰਨ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਕਬੀਲਿਆਂ (ਐੱਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਨਿਆਂ ਅਤੇ ਸਮਾਨਤਾ ਦੀਆਂ ਮੰਗਾਂ ਹਨ। ਕਨਫੈਡਰੇਸ਼ਨ ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਬੈਂਚ ਦੁਆਰਾ ਦਿੱਤੇ ਤਾਜ਼ਾ ਫੈਸਲੇ ਨਾਲ ਸਹਿਮਤ ਨਹੀਂ ਹੈ। ਕਨਫੈਡਰੇਸ਼ਨ ਨੇ ਸਰਕਾਰ ਤੋਂ ਐੱਸਸੀ, ਐੱਸਟੀ ਅਤੇ ਓਬੀਸੀ ਲਈ ਰਿਜ਼ਰਵੇਸ਼ਨ ਬਾਰੇ ਨਵੇਂ ਕਾਨੂੰਨ ਦੀ ਮੰਗ ਕੀਤੀ ਹੈ।
ਬਹੁਜਨ ਸਮਾਜ ਪਾਰਟੀ ਨੇ ਕਨਫੈਡਰੇਸ਼ਨ ਦੇ ਦੇਸ਼ਵਿਆਪੀ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ, ਵਿਕਾਸਸ਼ੀਲ ਇੰਸਾਨ ਪਾਰਟੀ ਸਮੇਤ ਕਈ ਪਾਰਟੀਆਂ ਨੇ ਸਮਰਥਨ ਦਿੱਤਾ ਹੈ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਐਕਸ ’ਤੇ ਲਿਖਿਆ ਹੈ, ”ਰਾਖਵਾਂਕਰਨ ਦੀ ਰੱਖਿਆ ਲਈ ਜਨ ਅੰਦੋਲਨ ਇਕ ਸਕਾਰਾਤਮਕ ਕੋਸ਼ਿਸ਼ ਹੈ। ਇਸ ਨਾਲ ਸ਼ੋਸ਼ਿਤ ਅਤੇ ਵਾਂਝੇ ਲੋਕਾਂ ਵਿੱਚ ਚੇਤਨਾ ਦਾ ਨਵਾਂ ਸੰਚਾਰ ਹੋਵੇਗਾ ਅਤੇ ਰਾਖਵੇਂਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਵਿਰੁੱਧ ਲੋਕ ਸ਼ਕਤੀ ਦੀ ਢਾਲ ਸਾਬਤ ਹੋਵੇਗਾ।’’
ਹਿੰਦੂਸਥਾਨ ਸਮਾਚਾਰ