Delhi-NCR Rain News: ਦਿੱਲੀ-ਐੱਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਭਾਰੀ ਮੀਂਹ ਪਿਆ। ਇਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪਾਣੀ ਭਰ ਜਾਣ ਕਾਰਨ ਕਈ ਥਾਵਾਂ ’ਤੇ ਜਾਮ ਵੀ ਰਿਹਾ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਮਾਨ ਵਿੱਚ ਹਲਕਾ ਬੱਦਲਵਾਈ ਰਹੇਗੀ।
ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਸੰਕੇਤ ਦਿੱਤਾ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਭਾਰੀ ਬਾਰਿਸ਼ ਹੋਵੇਗੀ। ਰਾਜਧਾਨੀ ‘ਚ ਅੱਜ ਹੋਈ ਬਾਰਿਸ਼ ਤੋਂ ਬਾਅਦ ਮਿੰਟੋ ਰੋਡ ‘ਤੇ ਸਥਿਤ ਅੰਡਰਪਾਸ ‘ਚ ਪਾਣੀ ਭਰ ਗਿਆ।
ਵਿਭਾਗ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ‘ਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਮੱਧ ਪ੍ਰਦੇਸ਼ ‘ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਸਤਨਾ, ਬਾਲਾਘਾਟ, ਪੰਨਾ, ਛਤਰਪੁਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਭੋਪਾਲ, ਵਿਦਿਸ਼ਾ, ਰਾਏਸੇਨ, ਸਿਹੋਰ, ਰਾਜਗੜ੍ਹ, ਡਿੰਡੋਰੀ, ਕਟਨੀ, ਜਬਲਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਅਤੇ ਵਿਗਿਆਨ ਵਿਭਾਗ ਨੇ 23 ਅਗਸਤ ਤੱਕ ਬਿਹਾਰ ਦੇ ਵੱਖ-ਵੱਖ ਸਥਾਨਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਝਾਰਖੰਡ ਵਿੱਚ 21 ਅਗਸਤ ਤੱਕ, ਓਡੀਸ਼ਾ ਵਿੱਚ 20, 23 ਅਤੇ 24 ਅਗਸਤ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 19 ਤੋਂ 21 ਅਗਸਤ ਤੱਕ ਅਤੇ ਮੇਘਾਲਿਆ ਵਿੱਚ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਅੱਜ ਦੱਖਣੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਤੇਲੰਗਾਨਾ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ