Chandigarh News: ਕਲਕੱਤਾ ਵਿਖੇ ਹੋਈ ਦਰਦਨਾਕ ਘਟਨਾ ਨਾਲ ਸਮੁੱਚੀ ਮਾਨਵਤਾ ਦਾ ਮਨ ਵਲੋਂਦਰਿਆ ਗਿਆ ਹੈ ਅਤੇ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਦੀ ਕੇਵਲ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਹੀ ਨਹੀਂ ਕਰਨੀ ਚਾਹੀਦੀ ਬਲਕਿ ਅਜਿਹੇ ਖੂਨੀ ਦਰਿੰਦਿਆਂ ਨੂੰ ਮੌਤ ਦੀ ਸਜ਼ਾ ਦੇਣੀ ਬਣਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਬੀਤੀ ਸ਼ਾਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਡਾਕਟਰਾਂ ਅਤੇ ਯੂਨੀਵਰਸਿਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਲਕੱਤਾ ਵਿੱਚ ਜੋ ਦਰਦਨਾਕ ਘਟਨਾ ਵਾਪਰੀ ਹੈ ਉਸ ਦਾ ਖੌਫ ਸਭ ਦੇ ਮਨਾਂ ਵਿੱਚ ਆਪਣੀਆਂ ਧੀਆਂ ਨੂੰ ਲੈ ਕੇ ਆਇਆ ਹੈ । ਇਸ ਘਟਨਾ ਸਬੰਧੀ ਹੋਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਘਟਨਾ ਦੀ ਘੋਰ ਨਿੰਦਾ ਕਰਨੀ ਬਣਦੀ ਹੈ । ਚਾਹੇ ਸਟੇਟ ਕੋਈ ਵੀ ਹੋਵੇ ਪਰ ਸਾਨੂੰ ਇਸ ਤੇ ਬਹੁਤ ਜਿਆਦਾ ਗਹਿਰਾਈ ਨਾਲ ਸੋਚਣ ਦੀ ਲੋੜ ਹੈ ਤੇ ਜਿੱਥੇ ਸਾਡੇ ਉਹ ਬੱਚੇ ਜਿਹੜੇ ਇੰਨੀ ਪੜਾਈ ਕਰਕੇ ਡਾਕਟਰ ਬਣਦੇ ਹਨ ਅਤੇ ਲੋਕਾਂ ਦੀ ਸੇਵਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਵਿਚਾਰ ਚਰਚਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 181 ਟੋਲ ਫਰੀ ਨੰਬਰ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸੂਬੇ ਵਿੱਚ ਸਾਰੇ ਹਸਪਤਾਲਾਂ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕ ਲਿਆ ਜਾਵੇ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕੇਵਲ ਸੀ.ਸੀ.ਟੀ.ਵੀ ਕੈਮਰੇ ਹੀ ਨਹੀਂ ਬਲਕਿ ਅਜਿਹੀਆਂ ਥਾਵਾਂ ਤੇ ਸੁਰੱਖਿਆ ਗਾਰਡ ਦਾ 24 ਘੰਟੇ ਪਹਿਰਾ ਵੀ ਯਕੀਨੀ ਬਣਾਇਆ ਜਾਵੇਗਾ।
ਸੂਬੇ ਵਿੱਚ ਵੱਖ ਵੱਖ ਥਾਵਾਂ ਤੇ ਡਾਕਟਰਾਂ ਵਲੋਂ ਇਸ ਘਟਨਾ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਬੋਲਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਸਿਹਤ ਅਮਲੇ ਨੂੰ ਪ੍ਰਦਰਸ਼ਨ ਦਾ ਅਜਿਹਾ ਤਰੀਕਾ ਵਰਤਣਾ ਚਾਹੀਦਾ ਹੈ ਤਾਂ ਜੋ ਮਰੀਜ਼ਾਂ ਨੂੰ ਦਿੱਕਤ ਪੇਸ਼ ਨਾ ਆਵੇ। ਸਰਕਾਰੀ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਨੁਮਾਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਕੱਲਕੱਤਾ ਜਿਹੀ ਕੋਈ ਵੀ ਮੰਦਭਾਗੀ ਘਟਨਾ ਸੂਬੇ ਵਿੱਚ ਨਾ ਵਾਪਰੇ ਇਸ ਲਈ ਸਰਕਾਰੀ ਹਸਪਤਾਲਾਂ ਵਿੱਚ ਰੋਸਟਰ ਬਣਾਉਂਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਡਿਊਟੀ ਕਿਵੇਂ ਲਗਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਬੱਚੀ ਦੀ ਡਿਊਟੀ ਹੈ ਤਾਂ ਉਸ ਨਾਲ ਕਿਸ ਕੋ-ਵਰਕਰ ਦੀ ਡਿਊਟੀ ਲਗਾਈ ਗਈ ਹੈ ।
ਹਿੰਦੂਸਥਾਨ ਸਮਾਚਾਰ