New Delhi: ਦੇਸ਼ ਨੂੰ 43 ਸਾਲ ਤੱਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਭਾਰਤੀ ਫੌਜ ਦੇ 20ਵੇਂ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਸੋਮਵਾਰ ਨੂੰ 83 ਸਾਲ ਦੀ ਉਮਰ ਵਿੱਚ ਚੇਨਈ ਵਿੱਚ ਦਿਹਾਂਤ ਹੋ ਗਿਆ। ਉਹ 30 ਸਤੰਬਰ 2000 ਤੋਂ 31 ਦਸੰਬਰ 2002 ਤੱਕ ਥਲ ਸੈਨਾ ਦੇ ਮੁਖੀ ਰਹੇ। ਜਨਰਲ ਪਦਮਨਾਭਨ ਆਪਣੇ ਫੌਜੀ ਸਾਥੀਆਂ ਵਿੱਚ ‘ਪੈਡੀ’ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਲੰਬੇ ਅਤੇ ਸ਼ਾਨਦਾਰ ਕੈਰੀਅਰ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
5 ਦਸੰਬਰ, 1940 ਨੂੰ ਤਿਰੂਵਨੰਤਪੁਰਮ, ਕੇਰਲਾ ਵਿੱਚ ਜਨਮੇ, ਜਨਰਲ ਪਦਮਨਾਭਨ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ (ਆਰਆਈਐਮਸੀ), ਦੇਹਰਾਦੂਨ, ਅਤੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਖੜਕਵਾਸਲਾ, ਪੁਣੇ ਦੇ ਸਾਬਕਾ ਵਿਦਿਆਰਥੀ ਸਨ। 13 ਦਸੰਬਰ 1959 ਨੂੰ ਇੰਡੀਅਨ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ, ਜਨਰਲ ਪਦਮਨਾਭਨ ਨੇ ਅਗਸਤ 1975 ਤੋਂ ਜੁਲਾਈ 1976 ਤੱਕ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ‘ਲਾਈਟ ਬੈਟਰੀ’ ਦੀ ਕਮਾਂਡ ਕੀਤੀ। ਇਸ ਤੋਂ ਬਾਅਦ ਸਤੰਬਰ 1977 ਤੋਂ ਮਾਰਚ 1980 ਤੱਕ ‘ਗ਼ਜ਼ਾਲਾ ਮਾਉਂਟੇਨ ਰੈਜੀਮੈਂਟ’ ਦੀ ਅਗਵਾਈ ਕੀਤੀ। ਇਹ ਪਹਾੜੀ ਰੈਜੀਮੈਂਟ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਤੋਪਖਾਨਾ ਰੈਜੀਮੈਂਟਾਂ ਵਿੱਚੋਂ ਇੱਕ ਹੈ ਅਤੇ ਇਸਨੇ ਕਈ ਯੁੱਧਾਂ ਵਿੱਚ ਹਿੱਸਾ ਲਿਆ ਹੈ।
ਜਨਰਲ ਪਦਮਨਾਭਨ ਨੇ ਸਤੰਬਰ, 1992 ਤੋਂ ਜੂਨ, 1993 ਤੱਕ 3 ਕੋਰ ਦੇ ਚੀਫ਼ ਆਫ਼ ਸਟਾਫ ਵਜੋਂ ਸੇਵਾ ਨਿਭਾਈ। ਲੈਫਟੀਨੈਂਟ ਜਨਰਲ ਵਜੋਂ ਤਰੱਕੀ ਤੋਂ ਬਾਅਦ, ਉਹ ਜੁਲਾਈ, 1993 ਤੋਂ ਫਰਵਰੀ, 1995 ਤੱਕ ਕਸ਼ਮੀਰ ਘਾਟੀ ਵਿੱਚ 15 ਕੋਰ ਦੇ ਕਮਾਂਡਰ ਰਹੇ। ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ, ਫੌਜ ਨੇ ਕਸ਼ਮੀਰ ਵਿੱਚ ਅੱਤਵਾਦੀਆਂ ‘ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ 30 ਸਤੰਬਰ 2000 ਤੋਂ 31 ਦਸੰਬਰ 2002 ਤੱਕ ਦੇਸ਼ ਦੇ 20ਵੇਂ ਚੀਫ਼ ਆਫ਼ ਆਰਮੀ ਸਟਾਫ਼ ਵਜੋਂ ਸੇਵਾ ਨਿਭਾਈ।
ਜਨਰਲ ਪਦਮਨਾਭਨ 31 ਦਸੰਬਰ, 2002 ਨੂੰ 43 ਸਾਲ ਤੋਂ ਵੱਧ ਵਿਲੱਖਣ ਫੌਜੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ। ਦਿੱਲੀ ਦੇ ਵੱਕਾਰੀ ਨੈਸ਼ਨਲ ਡਿਫੈਂਸ ਕਾਲਜ (ਐਨਡੀਸੀ) ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਜਨਰਲ ਪਦਮਨਾਭਨ ਨੇ ਇੱਕ ਸੁਤੰਤਰ ਤੋਪਖਾਨਾ ਬ੍ਰਿਗੇਡ ਅਤੇ ਇੱਕ ‘ਮਾਊਂਟੇਨ ਬ੍ਰਿਗੇਡ’ ਦੀ ਕਮਾਂਡ ਕੀਤੀ ਸੀ। ਉਨ੍ਹਾਂ ਨੂੰ 15 ਕੋਰ ਦੇ ਕਮਾਂਡਰ ਵਜੋਂ ਸੇਵਾਵਾਂ ਲਈ ਅਤਿ ਵਿਸ਼ਿਸ਼ਟ ਸੇਵਾ ਮੈਡਲ (ਏਵੀਐੱਸਐੱਮ) ਨਾਲ ਸਨਮਾਨਿਤ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ