Mohali News: ਪਿੰਡ ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੱਚਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚਾਰੋਂ ਗੁੰਬਦਾਂ ਦੇ ਉਪਰ ਸੋਨੇ ਦੇ ਕਲਸ਼ ਚੜਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸੱਚਖੰਡਵਾਸੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਉਪਰੰਤ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਵਿੱਚ ਜੈੇਕਾਰਿਆਂ ਦੀ ਗੂੰਜ ਨਾਲ ਚਾਰੋਂ ਗੁਬੰਦਾਂ ਦੇ ਉਪਰ ਸੋਨੇ ਦੇ ਕਲਸ਼ ਚੜਾਉਣ ਦੀ ਸੇਵਾ ਸੰਪੂਰਨ ਕਰਵਾਈ ਗਈ।
ਸੰਤ ਬਾਬਾ ਮਨਪ੍ਰੀਤ ਸਿੰਘ ਲੋਹਾਰੀ ਵਾਲੇ, ਸੱਚਖੰਡਵਾਸੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਦੀ ਗੱਦੀ ਨਸ਼ੀਨ ਬੀਬੀ ਕੁਲਵਿੰਦਰ ਕੌਰ ਗੰਢੂਆਂ ਵਾਲੇ ਅਤੇ ਕਈ ਸੰਤ ਮਹਾ ਪੁਰਸ਼ ਉਚੇਚੇ ਤੌਰ ਤੇ ਇਸ ਮੌਕੇ ਪੁੱਜੇ ਹੋਏ ਸਨ। ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇ ਸਾਰੇ ਪੁੱਜੇ ਹੋਏ ਮਹਾਪੁਰਸ਼ਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
ਕਈ ਤਰਾਂ ਦੀਆਂ ਮਿਠਾਈਆਂ ਅਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।
ਹਿੰਦੂਸਥਾਨ ਸਮਾਚਾਰ