Kolkata News: ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦੇ ਨਾਲ ਜਬਰ ਜਨਾਹ ਅਤੇ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚ ਗੁੱਸਾ ਹੈ। ਹਰ ਸੂਬੇ ਵਿੱਚ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਡਾਕਟਰਾਂ ਦੀ ਹੜਤਾਲ ਅਜੇ ਵੀ ਜਾਰੀ ਹੈ। ਦਿੱਲੀ ਏਮਜ਼ ਦੇ ਰੈਜ਼ੀਡੈਂਟ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਮਾਮਲੇ ਦੀ ਜਾਂਚ ਹੁਣ ਕੋਲਕਾਤਾ ਪੁਲਿਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। CBI ਐਕਸ਼ਨ ਮੋਡ ‘ਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ CBI ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਲਗਾਤਾਰ 3 ਦਿਨ ਪੁੱਛਗਿੱਛ ਕਰ ਰਹੀ ਹੈ। ਸੀਬੀਆਈ ਨੇ ਘਟਨਾ ਵਾਲੀ ਥਾਂ ਦੀ 3 ਡੀ ਮੈਪਿੰਗ ਕੀਤੀ। ਮੁਲਜ਼ਮ ਸੰਜੇ ਰਾਏ ਦਾ ਮਨੋਵਿਗਿਆਨਕ ਟੈਸਟ ਕੀਤਾ ਗਿਆ ਸੀ, ਜੋ ਅੱਜ ਦੁਬਾਰਾ ਕੀਤਾ ਜਾਵੇਗਾ। ਕੋਲਕਾਤਾ ਪੁਲਸ ਨੇ ਮੈਡੀਕਲ ਕਾਲਜ ਦੇ ਨੇੜੇ ਧਾਰਾ 163 ਲਾਗੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕਾਲਜ ਦੇ ਨੇੜੇ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਭਲਕੇ 20 ਅਗਸਤ ਨੂੰ ਕਰੇਗਾ।
ਇਸ ਦੇ ਨਾਲ ਹੀ ਹੁਣ ਪੋਸਟ ਮਾਰਟਮ ਦੀ ਵਿਸਥਾਰਤ ਰਿਪੋਰਟ ਆ ਗਈ ਹੈ। ਜਿਸ ਵਿੱਚ ਕਤਲ ਤੋਂ ਪਹਿਲਾਂ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਰਿਪੋਰਟ ਵਿੱਚ ਜਿਨਸੀ ਸ਼ੋਸ਼ਣ ਦੀ ਸੰਭਾਵਨਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਦੇ ਸਰੀਰ ‘ਤੇ 14 ਤੋਂ ਵੱਧ ਸੱਟਾਂ ਦੇ ਨਿਸ਼ਾਨ ਸਨ। ਕੋਈ ਫ੍ਰੈਕਚਰ ਨਹੀਂ ਮਿਲਿਆ। ਪੋਸਟਮਾਰਟਮ ਰਿਪੋਰਟ ਅਨੁਸਾਰ ਸਿਰ, ਦੋਵੇਂ ਗੱਲ੍ਹਾਂ, ਬੁੱਲ੍ਹਾਂ, ਨੱਕ, ਸੱਜਾ ਜਬਾੜਾ, ਠੋਡੀ, ਗਰਦਨ, ਖੱਬਾ ਹੱਥ, ਮੋਢੇ, ਗੋਡੇ, ਗਿੱਟੇ ਅਤੇ ਗੁਪਤ ਅੰਗਾਂ ‘ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ। ਪੋਸਟ ਮਾਰਟਮ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰੀਰ ਦੇ ਕਈ ਹਿੱਸਿਆਂ ਵਿੱਚ ਖੂਨ ਦੇ ਥੱਕੇ ਦੇ ਨਾਲ-ਨਾਲ ਫੇਫੜਿਆਂ ਵਿੱਚ ਖੂਨ ਵਗ ਰਿਹਾ ਸੀ।
ਪ੍ਰਦਰਸ਼ਨਕਾਰੀ ਡਾਕਟਰਾਂ, ਪੀੜਤਾਂ ਲਈ ਇਨਸਾਫ਼ ਅਤੇ ਸਿਹਤ ਕਰਮਚਾਰੀਆਂ ਲਈ ਸਖ਼ਤ ਸੁਰੱਖਿਆ ਕਾਨੂੰਨ ਦੀ ਮੰਗ ਕਰ ਰਹੇ ਹਨ। ਏਮਜ਼ ਆਰਡੀਏ ਨੇ ਇਸ ਸਬੰਧੀ ਆਰਡੀਨੈਂਸ ਲਿਆਉਣ ਲਈ ਪੀਐਮ ਮੋਦੀ ਨੂੰ ਪੱਤਰ ਲਿਖਿਆ ਹੈ। ਪਦਮ ਪੁਰਸਕਾਰ ਜੇਤੂ ਡਾਕਟਰਾਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਸੀ। ਕੇਂਦਰੀ ਸਿਹਤ ਮੰਤਰਾਲੇ ਨੇ 17 ਅਗਸਤ ਨੂੰ ਕਿਹਾ ਕਿ ਉਹ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਾਅ ਸੁਝਾਉਣ ਲਈ ਇੱਕ ਕਮੇਟੀ ਬਣਾਏਗਾ। ਜਿਸ ਤੋਂ ਬਾਅਦ ਰੈਜ਼ੀਡੈਂਟ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ। ਪਰ ਅਗਲੇ ਹੀ ਦਿਨ ਹਸਪਤਾਲ ਵਿੱਚ ਭੰਨਤੋੜ ਅਤੇ ਲੜਾਈ ਤੋਂ ਬਾਅਦ ਗੁੱਸੇ ਵਿੱਚ ਆਏ ਡਾਕਟਰਾਂ ਨੇ ਮੁੜ੍ਹ ਹੜਤਾਲ ਕਰ ਦਿੱਤੀ।