Kolkata Rape & Murder Case: ਕੋਲਕਾਤਾ ‘ਚ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਦੀ ਘਟਨਾ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਸ਼ਨੀਵਾਰ ਨੂੰ ਦੇਸ਼ ਭਰ ਦੇ ਹਸਪਤਾਲਾਂ ‘ਚ 24 ਘੰਟੇ ਦੀ ਹੜਤਾਲ ਦਾ ਐਲਾਨ ਕੀਤਾ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਸਮੇਂ ਦੌਰਾਨ ਓਪੀਡੀ ਅਤੇ ਮਰੀਜ਼ਾਂ ਦੇ ਅਪਰੇਸ਼ਨ ਨਹੀਂ ਹੋਣਗੇ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਆਈਐਮਏ ਦੀ ਹੜਤਾਲ ਨੂੰ ਡਾਕਟਰਾਂ ਨਾਲ ਜੁੜੇ ਹੋਰ ਸੰਗਠਨਾਂ ਨੇ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਆਈਐਮਏ ਦੇ ਕੌਮੀ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਨੇ ਕਿਹਾ ਹੈ ਕਿ ਕੋਲਕਾਤਾ ਵਿੱਚ ਵਾਪਰੀ ਘਟਨਾ ਅਤੇ ਹਸਪਤਾਲ ਵਿੱਚ ਹੋਈ ਭੰਨਤੋੜ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਡਾਕਟਰ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ 24 ਘੰਟਿਆਂ ਲਈ ਹੜਤਾਲ ’ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮ੍ਰਿਤਕ ਮਹਿਲਾ ਡਾਕਟਰ ਲਈ ਇਨਸਾਫ਼ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। 3.30 ਲੱਖ ਤੋਂ ਵੱਧ ਡਾਕਟਰ ਆਈਐੱਮਏ ਦੇ ਮੈਂਬਰ ਹਨ।
ਜ਼ਿਕਰਯੋਗ ਹੈ ਕਿ ਆਰਜੀਕਰ ਮੈਡੀਕਲ ਕਾਲਜ-ਹਸਪਤਾਲ, ਲਾਲਬਾਜ਼ਾਰ, ਕੋਲਕਾਤਾ ਦੀ ਇੱਕ ਜੂਨੀਅਰ ਡਾਕਟਰ ਦਾ 8-9 ਅਗਸਤ ਦੀ ਰਾਤ ਨੂੰ ਜਬਰ ਜ਼ਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ‘ਚ ਰੋਸ ਪਾਇਆ ਜਾ ਰਿਹਾ ਹੈ। ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਡਾਕਟਰੀ ਸੇਵਾਵਾਂ ਨਾਲ ਸਬੰਧਤ ਸੰਗਠਨ ਘਟਨਾ ਦੇ ਬਾਅਦ ਤੋਂ ਅੰਦੋਲਨ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ