Kolkata Hospital Rape-Murder Case: ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ‘ਚ 14 ਅਗਸਤ ਦੀ ਰਾਤ ਨੂੰ ਹੋਈ ਭੰਨਤੋੜ ‘ਤੇ ਕਲਕੱਤਾ ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਇਹ ਘਟਨਾ ਸਰਕਾਰੀ ਤੰਤਰ ਦੀ ਪੂਰੀ ਤਰ੍ਹਾਂ ਨਾਕਾਮੀ ਦਾ ਸਬੂਤ ਹੈ।
ਕਲਕੱਤਾ ਹਾਈ ਕੋਰਟ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਹਸਪਤਾਲ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾਵੇ। ਇਸ ਦੌਰਾਨ ਅਦਾਲਤ ‘ਚ ਮੌਜੂਦ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਨੇ ਕਿਹਾ ਕਿ ਪੁਲਿਸ ਫੋਰਸ ਉੱਥੇ ਮੌਜੂਦ ਸੀ। ਇਸ ‘ਤੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਆਪਣੇ ਹੀ ਲੋਕਾਂ ਦੀ ਸੁਰੱਖਿਆ ਵੀ ਨਹੀਂ ਕਰ ਸਕਦੇ। ਇਹ ਇੱਕ ਮੰਦਭਾਗੀ ਸਥਿਤੀ ਹੈ। ਡਾਕਟਰ ਕਿਵੇਂ ਨਿਡਰ ਹੋ ਕੇ ਕੰਮ ਕਰਨਗੇ?
ਚੀਫ ਜਸਟਿਸ ਨੇ ਸੂਬਾ ਸਰਕਾਰ ਨੂੰ ਪੁੱਛਿਆ ਕਿ ਇਸ ਘਟਨਾ ਤੋਂ ਬਾਅਦ ਤੁਸੀਂ ਕੀ ਕਰ ਰਹੇ ਹੋ? ਸਾਵਧਾਨੀ ਵਜੋਂ ਕਿਹੜੇ ਕਦਮ ਚੁੱਕੇ ਗਏ ਸਨ? ਇਸ ‘ਤੇ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਰੰਜਨ ਭੱਟਾਚਾਰੀਆ ਨੇ ਕਿਹਾ ਕਿ CBI ਜਾਂਚ ਦੇ ਨਿਰਦੇਸ਼ ਦੁਪਹਿਰ 3 ਵਜੇ ਦਿੱਤੇ ਗਏ ਸਨ।
ਅਦਾਲਤ ਨੇ ਕਿਹਾ ਕਿ ਆਮਤੌਰ ‘ਤੇ ਜੇਕਰ ਲੋਕ ਹਸਪਤਾਲ ‘ਚ ਦਾਖਲ ਹੁੰਦੇ ਹਨ ਤਾਂ ਐਮਰਜੈਂਸੀ ਦੀ ਸਥਿਤੀ ‘ਚ ਪੁਲਸ ਨੂੰ ਉੱਥੇ ਮੌਜੂਦ ਰਹਿਣਾ ਚਾਹੀਦਾ ਹੈ। ਜੇਕਰ 7000 ਲੋਕ ਦਾਖਲ ਹੁੰਦੇ ਹਨ ਤਾਂ ਯਕੀਨ ਕਰਨਾ ਮੁਸ਼ਕਲ ਹੈ ਕਿ ਸੂਬੇ ਦੀ ਨਾਕਾਮੀ ਨਹੀਂ ਇਹ। ਜੇਕਰ 7000 ਲੋਕਾਂ ਨੂੰ ਆਉਣਾ ਹੀ ਸੀ ਤਾਂ ਓਹ ਪੈਦਲ ਨਹੀਂ ਆ ਸਕਦੇ ਸੀ। ਇਹ ਰਾਜ ਤੰਤਰ ਦੀ ਪੂਰੀ ਤਰ੍ਹਾਂ ਨਾਕਾਮੀ ਹੈ।
ਅਦਾਲਤ ਨੇ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਪੱਛਮੀ ਬੰਗਾਲ ਦੇ ਨਾਗਰਿਕ ਹੋਣ ਦੇ ਨਾਤੇ ਰਾਜ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਵੀ ਦੁੱਖ ਹੋਣਾ ਚਾਹੀਦਾ ਹੈ। ਸੂਬਾ ਸਰਕਾਰ ਦੇ ਵਕੀਲ ਨੇ ਇਸ ਤੇ ਕਿਹਾ ਕਿ ਅਸੀਂ ਵੀ ਦੁਖੀ ਹਾਂ।
ਇਸ ‘ਤੇ ਅਦਾਲਤ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਸੁਣੀ। ਇਸ ਨੂੰ ਰਿਕਾਰਡ ‘ਤੇ ਦਰਜ ਕਰੋ। ਸਾਨੂੰ ਭੰਨਤੋੜ ਸਬੰਧੀ ਕਈ ਸੁਨੇਹੇ ਮਿਲੇ ਹਨ।ਇਹ ਘਟਨਾ ਕਿਉਂ ਵਾਪਰੀ ? ਇਹ ਗੱਲਾਂ ਸਮਝ ਨਹੀਂ ਆਉਂਦੀਆਂ। ਕੀ ਇਹ ਕਾਨੂੰਨ ਵਿਵਸਥਾ ਦੀ ਅਸਫਲਤਾ ਹੈ?
ਦੱਸ ਦੇਈਏ ਕਿ 14 ਅਗਸਤ ਦੀ ਰਾਤ ਨੂੰ ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਦਾਖਲ ਹੋਏ ਸਨ। ਇਸ ਦੌਰਾਨ ਹਸਪਤਾਲ ਵਿੱਚ ਕਾਫੀ ਭੰਨਤੋੜ ਵੀ ਹੋਈ। ਇਨ੍ਹਾਂ ਲੋਕਾਂ ਨੇ ਕਰੀਬ ਇੱਕ ਘੰਟੇ ਤੱਕ ਹਸਪਤਾਲ ਵਿੱਚ ਹੰਗਾਮਾ ਕੀਤਾ।