West Bengal: ਮਹਾਨਗਰ ਕੋਲਕਾਤਾ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਲਗਭਗ 20 ਡਾਕਟਰਾਂ ਦੇ ਇੱਕ ਸਮੂਹ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨਾਲ ਮੁਲਾਕਾਤ ਕੀਤੀ। ਅਤੇ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ। ਇਹ ਮੀਟਿੰਗ ਉਸ ਸਮੇਂ ਹੋਈ ਜਦੋਂ ਅਣਪਛਾਤੇ ਬਦਮਾਸ਼ਾਂ ਨੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਹਿੱਸੇ ਵਿੱਚ ਭੰਨਤੋੜ ਕੀਤੀ, ਜਿਸ ਨਾਲ ਡਾਕਟਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਗਈ।
ਡਾਕਟਰਾਂ ਦੇ ਇਸ ਸਮੂਹ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੇ ਰਾਜਪਾਲ ਨੂੰ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਹ ਭੰਨਤੋੜ ਉਸ ਸਮੇਂ ਹੋਈ ਜਦੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਔਰਤਾਂ ਇੱਕ ਮਹਿਲਾ ਡਾਕਟਰ ਨਾਲ ਕਥਿਤ ਜਬਰ ਜਨਾਹ ਅਤੇ ਹੱਤਿਆ ਦੇ ਖਿਲਾਫ ਅੱਧੀ ਰਾਤ ਨੂੰ ਪ੍ਰਦਰਸ਼ਨ ਕਰ ਰਹੀਆਂ ਸਨ। ਇਹ ਘਟਨਾ ਬੀਤੇ ਸਪਤਾਹ ਆਰ.ਜੀ. ਕਰ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਹੋਈ ਸੀ।
ਰਾਜਪਾਲ ਬੋਸ ਨੇ ਡਾਕਟਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੂਬੇ ਦੇ ਉੱਚ ਪੱਧਰ ਤੱਕ ਲੈ ਕੇ ਜਾਣਗੇ ਤਾਂ ਜੋ ਪੱਛਮੀ ਬੰਗਾਲ ਵਿੱਚ ਚੱਲ ਰਹੀ ਗੁੰਡਾਗਰਦੀ ਨੂੰ ਖਤਮ ਕੀਤਾ ਜਾ ਸਕੇ। ਬਾਅਦ ਵਿੱਚ ਰਾਜਪਾਲ ਡਾ: ਬੋਸ ਆਰ.ਜੀ. ਕਰ ਹਸਪਤਾਲ ਪਹੁੰਚ ਕੇ ਪ੍ਰਦਰਸ਼ਨਕਾਰੀ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਵਿਦਿਆਰਥੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਆਪਣੀ ਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ।
ਰਾਜਪਾਲ ਦਫ਼ਤਰ ਨੇ ਵੀਰਵਾਰ ਸਵੇਰੇ ‘ਅਭਯਾ ਪੋਰਟਲ’ ਵੀ ਲਾਂਚ ਕੀਤਾ, ਜਿੱਥੇ ਕੋਈ ਵੀ ਡਾਕਟਰ ਜਾਂ ਆਮ ਨਾਗਰਿਕ ਜੋ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਮਦਦ ਲਈ ਕਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਰਾਜਪਾਲ ਨੇ ‘ਅਭਯਾ ਹੋਮ’ ਵੀ ਸਥਾਪਿਤ ਕੀਤਾ ਹੈ, ਜਿੱਥੇ ਅਸੁਰੱਖਿਅਤ ਮਹਿਸੂਸ ਕਰਨ ਵਾਲੇ ਡਾਕਟਰ ਉਦੋਂ ਤੱਕ ਰਹਿ ਸਕਦੇ ਹਨ ਜਦੋਂ ਤੱਕ ਉਹ ਬੰਗਾਲ ਵਿੱਚ ਖੁੱਲ੍ਹ ਕੇ ਰਹਿਣ ਦਾ ਭਰੋਸਾ ਹਾਸਲ ਨਹੀਂ ਕਰ ਲੈਂਦੇ।