Independence Day 2024/Chandigarh: ਪੰਜਾਬ ਨੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸਕ ਗੁਲਾਬ ਚੰਦ ਕਟਾਰੀਆ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ 77 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ‘ਤੇ ਭਾਰਤ ਦੇ ਲੋਕਾਂ ਖਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਸਾਰੇ ਦੇਸ਼ਭਗਤਾਂ ਅਤੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ। ਰਾਸ਼ਟਰਪਿਤਾ ਮਹਾਤਮਾ ਗਾਂਧੀ, ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਬਾਲ ਗੰਗਾਧਰ ਤਿਲਕ ਅਤੇ ਕਰੋੜਾਂ ਭਾਰਤੀਆਂ ਨੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਸ ਦੇ ਨਾਲ ਹੀ ਅਸੀਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਅਖੰਡਤਾ ਅਤੇ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
Message of Hon”ble Governer of Punjab and Administrator UT, Chandigarh Shri Gulab Chand Kataria on 78th Independence Day#IndependenceDay2024 #IndependenceDayIndia pic.twitter.com/3qwrUe7iDC
— Gulab Chand Kataria (@Gulab_kataria) August 15, 2024
ਦੇਸ਼ ਦੀ ਅਜ਼ਾਦੀ ਲਈ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਦੇ ਬਰਾਬਰ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਅਨੇਕਾਂ ਦੇਸ਼ਭਗਤ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਆਪਣੇ ਖੂਨ ਦੀ ਇੱਕ-ਇੱਕ ਬੂੰਦ ਵਹਾਈ, ਜੇਲ੍ਹਾਂ ਕੱਟੀਆਂ, ਉਹ ਸਾਡੇ ਸਾਰਿਆਂ ਲਈ ਅਮੀਰ ਵਿਰਾਸਤ ਛੱਡ ਕੇ ਗਏ ਹਨ, ਜੋ ਭਾਰਤ ਦੀ ਸ਼ਾਨ ਅਤੇ ਆਜ਼ਾਦੀ ਨੂੰ ਸੁਰੱਖਿਅਤ ਰੱਖਣ ਲਈ ਦ੍ਰਿੜ ਵਚਨਬੱਧਤਾ ਦੇ ਨਾਲ ਨਾਲ ਮਾਤ ਭੂਮੀ ਲਈ ਅਥਾਹ ਪਿਆਰ ਅਤੇ ਸਤਿਕਾਰ ਦੀ ਮੰਗ ਕਰਦੀ ਹੈ।
ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਲੋਕਾਂ ਦੇ ਸ਼ਲਾਘਾਯੋਗ ਯੋਗਦਾਨ ਨੂੰ ਚੇਤੇ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲਈ ਹਮੇਸ਼ਾ ਬੇਮਿਸਾਲ ਦਲੇਰੀ ਅਤੇ ਦ੍ਰਿੜ ਵਚਨਬੱਧਤਾ ਦਿਖਾਈ ਹੈ। ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ, ਜਿਸਨੂੰ ਭਾਰਤ ਦੇ ਪ੍ਰਗਤੀਸ਼ੀਲ ਰਾਜ ਵਜੋਂ ਵੀ ਜਾਣਿਆ ਜਾਂਦਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ‘ਤੇ ਦੇਸ਼ ਨੂੰ ਅੰਮ੍ਰਿਤ ਕਾਲ ਦਾ ਸੰਕਲਪ ਦਿੱਤਾ। ‘ਅੰਮ੍ਰਿਤ ਕਾਲ’, 2047 ਤੱਕ ‘ਨਿਊ ਇੰਡੀਆ’ ਭਾਵ ਵਿਕਸਿਤ ਭਾਰਤ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਦਾ ਉਦੇਸ਼ ਹੈ, ਜੋ ਦੇਸ਼ ਲਈ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਮੌਕਿਆਂ ਨਾਲ ਭਰਪੂਰ ਇੱਕ ਨਵੀਂ ਸਵੇਰ ਲੈ ਕੇ ਆਵੇਗਾ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਲਈ ਦੇਸ਼ ਦੀ ਪ੍ਰਗਤੀ ਵਿੱਚ ਵਧ-ਚੜ੍ਹ ਕੇ ਯੋਗਦਾਨ ਦੇਣ ਦਾ ਸਮਾਂ ਹੈ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਵਾਸਤੇ ਮਾਂ ਭਾਰਤੀ ਲਈ ਕੁਝ ਕਰਨ ਦਾ ਸਮਾਂ ਹੈ।
ਆਜ਼ਾਦੀ ਦੀ ਲੜਾਈ ਦੌਰਾਨ 1947 ਤੋਂ ਪਹਿਲਾਂ ਪੈਦਾ ਹੋਈ ਪੀੜ੍ਹੀ ਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਦੇਸ਼ ਲਈ ਕੁਰਬਾਨ ਹੋਣ ਦਾ ਕੋਈ ਮੌਕਾ ਨਹੀਂ ਛੱਡਿਆ। ਪਰ ਸਾਨੂੰ ਦੇਸ਼ ਲਈ ਕੁਰਬਾਨ ਹੋਣ ਦਾ ਮੌਕਾ ਨਹੀਂ ਸਗੋਂ ਦੇਸ਼ ਲਈ ਜਿਉਣ ਦਾ ਮੌਕਾ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ! ਸਾਨੂੰ ਹਰ ਪਲ ਦੇਸ਼ ਦੀ ਬਿਹਤਰੀ ਲਈ ਜਿਉਣਾ ਚਾਹੀਦਾ ਹੈ। ਇਸ ਲਈ, ਆਓ ਇਸ ਉਦੇਸ਼ ਦੇ ਨਾਲ ਅਸੀਂ ਇਸ ‘ਅੰਮ੍ਰਿਤ ਕਾਲ’ ਵਿੱਚ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਨਵਾਂ ਸੰਕਲਪ ਲਈਏ। ਅਸੀਂ 140 ਕਰੋੜ ਦੇਸ਼ਵਾਸੀਆਂ ਦੇ ਸੰਕਲਪ ਨੂੰ ਪੂਰਾ ਕਰਨਾ ਹੈ ਅਤੇ ਜਦੋਂ 2047 ਵਿੱਚ ਤਿਰੰਗਾ ਲਹਿਰਾਏਗਾ ਤਾਂ ਪੂਰੀ ਦੁਨੀਆਂ ਵਿਕਸਤ ਭਾਰਤ ਦਾ ਮਾਣ ਵਧਾਉਣ ਲਈ ਤਿਆਰ ਖੜ੍ਹੀ ਹੋਵੇਗੀ।
ਸਾਲ 2024, 18ਵੀਆਂ ਲੋਕ ਸਭਾ ਚੋਣਾਂ ਦੇ ਰੂਪ ਵਿੱਚ ਸਾਡੇ ਲੋਕਤੰਤਰੀ ਇਤਿਹਾਸ ਦੇ ਇੱਕ ਵੱਡੇ ਈਵੈਂਟ ਦਾ ਗਵਾਹ ਰਿਹਾ ਹੈ। ਇਹ ਬੜੀ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ। ਲੋਕਾਂ ਦੁਆਰਾ ਲੋਕਤੰਤਰੀ ਸਰਕਾਰ ਦੀ ਚੋਣ ਨੇ ਸੰਸਾਰ ਨੂੰ ਇਹ ਦਿਖਾ ਦਿੱਤਾ ਹੈ ਕਿ ਭਾਰਤ ਇੱਕ ਪਰਿਪੱਕ ਲੋਕਤੰਤਰ ਹੈ, ਜਿੱਥੋਂ ਦੇ ਅਗਾਂਹਵਧੂ ਸੋਚ ਵਾਲੇ ਲੋਕ ਦੇਸ਼ ਦੀ ਤਰੱਕੀ ਲਈ ਹਮੇਸ਼ਾ ਤਤਪਰ ਹਨ।
ਸਾਨੂੰ, ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦਾ ਸੁਨਹਿਰੀ ਮੌਕਾ ਮਿਿਲਆ ਹੈ। ਸਾਡੇ ਟੀਚਿਆਂ ਦੀ ਪ੍ਰਾਪਤੀ ਵਿੱਚ ਹਰੇਕ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ। ਇਸ ਉਦੇਸ਼ ਦੀ ਪੂਰਤੀ ਲਈ ਮੈਂ ਆਪਣੇ ਸਾਰੇ ਸਾਥੀ ਨਾਗਰਿਕਾਂ ਨੂੰ ਸੰਵਿਧਾਨ ਵਿੱਚ ਦਰਜ ਸਾਡੇ ਬੁਨਿਆਦੀ ਫਰਜ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ। ਇਹ ਫ਼ਰਜ਼ ਆਜ਼ਾਦੀ ਦੇ 100 ਸਾਲ ਪੂਰੇ ਹੋਣ ‘ਤੇ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਹਰ ਨਾਗਰਿਕ ਦੇ ਲਈ ਜ਼ਰੂਰੀ ਹਨ।
ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਸਾਡੇ ਗੁਆਂਢੀ ਦੁਸ਼ਮਣ ਦੇਸ਼ ਪਾਕਿਸਤਾਨ ਤੋਂ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਹੈ ਜਿਸ ਦੀ ਪੰਜਾਬ ਰਾਜ ਨਾਲ 245 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਲੱਗਦੀ ਹੈ। ਕਿਉਂਕਿ ਪਾਕਿਸਤਾਨ ਕੋਲ ਭਾਰਤ ਨਾਲ ਸਿੱਧੀ ਲੜਾਈ ਲੜਨ ਦੀ ਸਮਰੱਥਾ ਨਹੀਂ ਹੈ, ਇਸ ਲਈ ਉਹ ਦੇਸ਼ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਨਸ਼ੇ ਅਤੇ ਹਥਿਆਰ ਭੇਜ ਕੇ ਇਕ ਅਸਿੱਧੀ ਜੰਗ ਲੜ ਰਿਹਾ ਹੈ। ਸਾਨੂੰ ਦੁਸ਼ਮਣ ਦੀਆਂ ਅਜਿਹੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਦੁਸ਼ਮਣ ਦੀਆਂ ਅਜਿਹੀਆਂ ਸਾਜ਼ਿਸ਼ਾਂ ਦਾ ਸਾਂਝੇ ਤੌਰ ‘ਤੇ ਡੱਟ ਕੇ ਮੁਕਾਬਲਾ ਕਰਨ ਦੀ ਜ਼ਰੂਰਤ ਹੈ।
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਸਰਹੱਦ ਪਾਰੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਾਂਝੇ ਅਭਿਆਨ ਸ਼ੁਰੂ ਕੀਤੇ ਹਨ। ਕੇਂਦਰੀ ਅਤੇ ਸੂਬਾਈ ਸੁਰੱਖਿਆ ਬਲਾਂ ਨੇ ਪੰਜਾਬ ਦੇ ਛੇ ਸਰਹੱਦੀ ਜ਼ਿਿਲ੍ਹਆਂ ਵਿੱਚ ਸਾਂਝੇ ਆਪਰੇਸ਼ਨ ਚਲਾਏ ਹਨ ਜੋ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿੱਚ ਕਾਫ਼ੀ ਸਫਲ ਰਹੇ ਹਨ। ਸਰਹੱਦੀ ਇਲਾਕਿਆਂ ‘ਚ ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਲਗਭਗ 3000 ਏ.ਆਈ. ਸਮਰੱਥ ਕੈਮਰੇ ਲਗਾਏ ਜਾ ਰਹੇ ਹਨ। ਭਾਰਤ ਸਰਕਾਰ ਹੁਣ ਸਰਹੱਦੀ ਇਲਾਕਿਆਂ ਵਿੱਚ ਡਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਪੂਰੀ ਸਰਹੱਦ ਨੂੰ ਐਂਟੀ ਡਰੋਨ ਤਕਨੀਕ ਨਾਲ ਲੈਸ ਕਰ ਰਹੀ ਹੈ।
ਪੰਜਾਬ ਦੇ ਸਾਰੇ ਸਰਹੱਦੀ ਜ਼ਿਿਲ੍ਹਆਂ ਵਿੱਚ ਪਿੰਡ ਪੱਧਰੀ ਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਸਰਹੱਦੀ ਜ਼ਿਿਲ੍ਹਆਂ ਵਿੱਚ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਬਾਰੇ ਪੁਲਿਸ ਅਤੇ ਰੱਖਿਆ ਬਲਾਂ ਨੂੰ ਸੂਚਿਤ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਓ, ਇਸ ਮੌਕੇ ਅਸੀਂ ਆਪਣੇ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ, ਇਮਾਨਦਾਰੀ, ਵਚਨਬੱਧਤਾ, ਲਗਨ ਅਤੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਣ ਲਈ ਸਮੂਹਿਕ ਤੌਰ ‘ਤੇ ਸਖ਼ਤ ਮਿਹਨਤ ਕਰਨ ਦਾ ਪ੍ਰਣ ਕਰੀਏ।
ਹਿੰਦੂਸਥਾਨ ਸਮਾਚਾਰ