Kolkata RG Kar Hospital Case: ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (FAIMA) ਨੇ 13 ਅਗਸਤ ਯਾਨੀ ਅੱਜ ਤੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਇਸ ਕਾਰਨ ਓਪੀਡੀ ਅਤੇ ਵਿਕਲਪਿਕ ਸੇਵਾਵਾਂ ਬੰਦ ਰਹਿਣਗੀਆਂ। ਦਸ ਦਇਏ ਕਿ ਇਹ ਵਿਰੋਧ ਪ੍ਰਦਰਸ਼ਨ 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਪੋਸਟ ਗ੍ਰੈਜੂਏਟ ਟਰੇਨੀ (ਪੀਜੀਟੀ) ਡਾਕਟਰ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਤੋਂ ਬਾਅਦ ਸ਼ੁਰੂ ਹੋਇਆ ਹੈ।
ਫੈਮਾ (FAIMA) ਨੇ ਸੋਸ਼ਲ ਮੀਡੀਆ X ‘ਤੇ ਪੋਸਟ ਕਰਦੇ ਹੋਏ ਕਿਹਾ ਹੈ, ‘ਅਸੀਂ ਪੂਰੇ ਭਾਰਤ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਨਾਲ ਖੜੇ ਹਾਂ! ਅਸੀਂ ਦੇਸ਼ ਭਰ ਦੇ ਡਾਕਟਰਾਂ ਨੂੰ ਅੱਜ ਤੋਂ ਇਸ ਵਿਰੋਧ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ! ਅਸੀਂ ਇਨਸਾਫ਼ ਚਾਹੁੰਦੇ ਹਾਂ!’
We Stand with Protesting Doctors all Over India !
We calls Doctor all over nation to Join this Protest from Tomorrow onwards !We want Justice!#Nirbhaya2.0
Twitter Storm – 11 AM -13/08/2024,,#MedTwitter@ANI @AmitShah @JPNadda @MamataOfficial @WBPolice @PTI_News @aajtak pic.twitter.com/XUPP4vQrnI— FAIMA Doctors Association (@FAIMA_INDIA_) August 12, 2024
ਇਸ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਮਹਿਲਾ ਡਾਕਟਰ ਨਾਲ ਹੋਈ ਬੇਰਹਿਮੀ ਦੀ ਘਟਨਾ ਬਾਰੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਆਈਐਮਏ ਨੇ ਇਸ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ। ਨਾਲ ਹੀ, ਐਸੋਸੀਏਸ਼ਨ ਨੇ ਅਜਿਹੇ ਹਾਲਾਤਾਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ ਜਿਨ੍ਹਾਂ ਕਾਰਨ ਅਜਿਹਾ ਅਪਰਾਧ ਹੋਇਆ।
ਆਈਐਮਏ ਨੇ ਤੁਰੰਤ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਬੇਨਤੀ ਕੀਤੀ ਕਿ ਕੰਮ ਵਾਲੀ ਥਾਂ ‘ਤੇ ਡਾਕਟਰਾਂ, ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕੇ ਜਾਣ।
ਇਸ ਮਾਮਲੇ ਵਿੱਚ ਹੁਣ ਤੱਕ ਕੀ ਹੋਇਆ?
ਕੋਲਕਾਤਾ ‘ਚ ਸ਼ੁੱਕਰਵਾਰ ਨੂੰ ਹਸਪਤਾਲ ਦੇ ਸੈਮੀਨਾਰ ਹਾਲ ‘ਚ ਮਹਿਲਾ ਡਾਕਟਰ ਦੀ ਲਾਸ਼ ਮਿਲਣ ਤੋਂ ਬਾਅਦ ਹੰਗਾਮਾ ਜਾਰੀ ਹੈ। ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਡਿਊਟੀ ‘ਤੇ ਤਾਇਨਾਤ ਇੱਕ 31 ਸਾਲਾ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਦਾ ਵੀਰਵਾਰ ਰਾਤ ਨੂੰ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਚੈਸਟ ਮੈਡੀਸਨ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਦੂਜੇ ਸਾਲ ਦੇ ਇੱਕ ਵਿਦਿਆਰਥਣ ਦੀ ਅਰਧ ਨਗਨ ਲਾਸ਼ ਬਰਾਮਦ ਕੀਤੀ ਗਈ, ਉਸ ਦੇ ਮ੍ਰਤਕ ਸਰੀਰ ਉੱਤੇ ਕਈ ਸੱਟਾਂ ਦੇ ਵੀ ਨਿਸ਼ਾਨ ਪਾਏ ਗਏ ਸਨ।
ਲੋਕਾਂ ਦੇ ਵਧਦੇ ਗੁੱਸੇ ਨੂੰ ਵੇਖਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਪੁਲਸ ਐਤਵਾਰ ਤੱਕ ਇਸ ਮਾਮਲੇ ਨੂੰ ਹੱਲ ਨਹੀਂ ਕਰਦੀ ਤਾਂ ਉਹ ਕੇਸ ਸੀਬੀਆਈ ਨੂੰ ਸੌਂਪ ਦੇਵੇਗੀ।
ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਵੱਲੋਂ ਮਾਮਲੇ ਦੇ ਹੱਲ ਲਈ ਸੱਤ ਦਿਨਾਂ ਦੀ ਸਮਾਂ ਸੀਮਾ ਤੈਅ ਕਰਨ ਦੀ ਆਲੋਚਨਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਤੁਰੰਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਨੇ ਨਿਆਂਇਕ ਜਾਂਚ, ਦੋਸ਼ੀਆਂ ਨੂੰ ਮੌਤ ਦੀ ਸਜ਼ਾ, ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਅਤੇ ਹਸਪਤਾਲਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ।
ਕੋਲਕਾਤਾ ਹਾਈ ਕੋਰਟ ਵਿੱਚ ਤਿੰਨ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਚੀਫ਼ ਜਸਟਿਸ ਟੀਐਸ ਸਿਵਗਨਮ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਮੰਗਲਵਾਰ ਨੂੰ ਇਨ੍ਹਾਂ ਜਨਹਿਤ ਪਟੀਸ਼ਨਾਂ ‘ਤੇ ਸੁਣਵਾਈ ਕਰੇਗੀ।
ਪੋਸਟਮਾਰਟਮ ਰਿਪੋਰਟ ‘ਚ ਕੀ ਹੈ?
ਇਸ ਰਿਪੋਰਟ ਵਿੱਚ ਕਤਲ, ਮੌਤ ਤੋਂ ਪਹਿਲਾਂ ਦੀ ਪ੍ਰਕਿਰਤੀ ਅਤੇ ਜਿਨਸੀ ਪ੍ਰਵੇਸ਼ (sexual penetration)ਬਾਰੇ ਕਿਹਾ ਗਿਆ ਹੈ। ਦੱਸਿਆ ਗਿਆ ਹੈ ਕਿ ਪੀੜਤਾ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ। ਦੋਸ਼ੀ ਨੇ ਉਸ ਦਾ ਦੋ ਵਾਰ ਗਲਾ ਘੁੱਟ ਕੇ ਹੱਤਿਆ ਕੀਤੀ। ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਉਸ ਦੀ ਮੌਤ ਦੀ ਗੱਲ ਕਹੀ ਗਈ ਹੈ।
ਮੁਲਜ਼ਮ ਸ਼ਰਾਬ ਪੀ ਕੇ ਅਸ਼ਲੀਲ ਫਿਲਮਾਂ ਦੇਖਣ ਦਾ ਆਦੀ ਸੀ।
ਮੁਲਜ਼ਮ ਅਜੇ ਪੁਲਸ ਹਿਰਾਸਤ ਵਿੱਚ ਹੈ। ਜਦੋਂਕਿ ਪੁਲਸ ਅਨੁਸਾਰ ਮੁਲਜ਼ਮ ਅਪਰਾਧੀ ਸੰਜੇ ਰਾਏ ਸ਼ਰਾਬ ਪੀ ਕੇ ਅਸ਼ਲੀਲ ਫ਼ਿਲਮਾਂ ਦੇਖਣ ਦਾ ਆਦੀ ਸੀ। ਘਟਨਾ ਵਾਲੀ ਰਾਤ ਉਹ ਕਈ ਵਾਰ ਹਸਪਤਾਲ ਦੇ ਅੰਦਰ ਆਇਆ ਸੀ। ਮੁਲਜ਼ਮਾਂ ਤੋਂ ਪੁੱਛਗਿੱਛ, ਹਾਲਾਤੀ ਸਬੂਤ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਈ ਸਨਸਨੀਖੇਜ਼ ਗੱਲਾਂ ਸਾਹਮਣੇ ਆਈਆਂ ਹਨ। ਇਸ ਪੂਰੇ ਮਾਮਲੇ ਦੀ ਟਾਈਮਲਾਈਨ ਪੁਲਸ ਪੁੱਛਗਿੱਛ ਅਤੇ ਸੀਸੀਟੀਵੀ ਫੁਟੇਜ ਰਾਹੀਂ ਸਾਹਮਣੇ ਆਈ ਹੈ।