Kolkata News: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰ ਜੀ ਕਰ ( RG Kar) ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਹੋਏ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੂੰ ਜਲਦੀ ਤੋਂ ਜਲਦੀ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਐਤਵਾਰ ਤੱਕ ਜਾਂਚ ਪੂਰੀ ਨਾ ਹੋਣ ‘ਤੇ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਚਿਤਾਵਨੀ ਦਿੱਤੀ ਹੈ।
ਆਰ ਜੀ ਕਰ ਹਸਪਤਾਲ ਦੀ ਚੌਥੀ ਮੰਜ਼ਿਲ ਦੇ ਸੈਮੀਨਾਰ ਹਾਲ ਵਿੱਚ ਸ਼ੁੱਕਰਵਾਰ ਨੂੰ ਇੱਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੀ ਘਟਨਾ ਸਾਹਮਣੇ ਆਈ। ਫਿਲਹਾਲ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਰਾਜ ਸਰਕਾਰ ਨੇ ਹਸਪਤਾਲ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਦੁਪਹਿਰ ਮਹਿਲਾ ਡਾਕਟਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਐਤਵਾਰ ਤੱਕ ਜਾਂਚ ਪੂਰੀ ਨਹੀਂ ਕਰਦੀ ਤਾਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਇਸ ਘਟਨਾ ਨੂੰ ਦੁਖਦਾਈ ਅਤੇ ਅਸਹਿ ਦੱਸਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮਮਤਾ ਨੇ ਇਸ ਤੋਂ ਪਹਿਲਾਂ ਵੀ ਇਸ ਮਾਮਲੇ ‘ਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੇ ਆਪਣੇ ਹੀ ਪਰਿਵਾਰ ਦਾ ਕੋਈ ਮੈਂਬਰ ਗੁਆ ਲਿਆ ਹੋਵੇ।
ਆਰਜੀ ਕਰ ਹਸਪਤਾਲ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਮਮਤਾ ਬੈਨਰਜੀ ਨੇ ਕਿਹਾ, “ਜੂਨੀਅਰ ਡਾਕਟਰਾਂ ਦਾ ਵਿਰੋਧ ਜਾਇਜ਼ ਹੈ, ਅਤੇ ਮੈਂ ਉਨ੍ਹਾਂ ਦੇ ਨਾਲ ਹਾਂ। ਮੈਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਸਟ ਟਰੈਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇ। ਇਸ ਅਪਰਾਧ ਲਈ ਕੋਈ ਮੁਆਫ਼ੀ ਨਹੀਂ ਹੋ ਸਕਦੀ।’’
ਹਿੰਦੂਸਥਾਨ ਸਮਾਚਾਰ