Bathinda, Punjab: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਅਜ਼ਾਦੀ ਦਿਵਸ ਵਾਲੇ ਦਿਨ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਉਹਨਾਂ ਦੀ ਰਹਾਇਸ਼ ਅੱਗੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਿਰਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਪੁੱਜਣਗੀਆਂ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਆ ਰਹੇ ਘਟੀਆ ਕੁਆਲਿਟੀ ਦੇ ਮਾੜੇ ਰਾਸ਼ਨ ਦੇ ਖਿਲਾਫ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਇਹ ਰਾਸ਼ਨ ਜੋ ਪ੍ਰਾਈਵੇਟ ਕੰਪਨੀਆਂ ਤੋਂ ਲਿਆ ਜਾ ਰਿਹਾ ਹੈ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਸਰਕਾਰੀ ਅਦਾਰੇ ਵੇਰਕਾ ਦੀ ਪੰਜੀਰੀ , ਸੁੱਕਾ ਦੁੱਧ ਅਤੇ ਮਾਰਕਫੈਡ ਰਾਹੀਂ ਕਣਕ ਤੇ ਚਾਵਲ ਦਿੱਤੇ ਜਾਣ ਤਾਂ ਜੋ ਬੱਚਿਆਂ ਅਤੇ ਮਾਵਾਂ ਨੂੰ ਪਿਛਲੇਂ ਸਮੇਂ ਦੀ ਤਰ੍ਹਾਂ ਦਿੱਤਾ ਜਾਵੇ । ਜਿੰਨਾ ਚਿਰ ਮਾੜਾ ਰਾਸ਼ਨ ਬੰਦ ਨਹੀਂ ਹੁੰਦਾ ਤੇ ਸੈਂਟਰਾਂ ਵਿੱਚ ਤਾਜ਼ਾ ਖਾਣਾ ਬਣਾਉਣ ਦੀ ਵਿਵਸਥਾ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਦੇ ਬੱਚੇ ਜੋ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਿਠਾਏ ਜਾ ਰਹੇ ਹਨ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਜਥੇਬੰਦੀ ਦੀ ਇਹ ਵੀ ਮੰਗ ਹੈ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ।
ਹਿੰਦੂਸਥਾਨ ਸਮਾਚਾਰ