Kolkata Doctor Rape-Murder Case: ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੇ ਵਿਰੋਧ ਵਿੱਚ, ਸੋਮਵਾਰ ਤੋਂ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਨੇ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਸੂਬੇ ਦੀਆਂ ਸਿਹਤ ਸੇਵਾਵਾਂ ‘ਤੇ ਭਾਰੀ ਅਸਰ ਪਵੇਗਾ।
ਐਤਵਾਰ ਨੂੰ ਕੋਲਕਾਤਾ ਮੈਡੀਕਲ ਕਾਲਜ ਵਿੱਚ ਹੋਈ ਜਨਰਲ ਬਾਡੀ (ਜੀਬੀ) ਦੀ ਮੀਟਿੰਗ ਵਿੱਚ ਹੜ੍ਹਤਾਲ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਸੂਬੇ ਦੇ ਕੁੱਲ 12 ਹਸਪਤਾਲਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਛੇ ਮੁੱਖ ਮੰਗਾਂ ਰੱਖੀਆਂ। ਇਹ ਮੰਗਾਂ ਪੂਰੀਆਂ ਹੋਣ ਤੱਕ ਹੜ੍ਹਤਾਲ ਜਾਰੀ ਰਹੇਗੀ। ਇਹ ਮੰਗਾਂ ਇਸ ਪ੍ਰਕਾਰ ਹਨ :
1. ਘਟਨਾ ਦੀ ਨਿਆਂਇਕ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
2. ਜਾਂਚ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ।
3. ਆਰਜੀਕਰ ਦੇ ਸਾਰੇ ਅਧਿਕਾਰੀਆਂ ਅਤੇ ਪੁਲਿਸ ਚੌਕੀ ਦੇ ਏਸੀਪੀ ਨੂੰ ਅਹੁਦਿਆਂ ਤੋਂ ਹਟਾਇਆ ਜਾਵੇ।
4. ਅੰਦੋਲਨਕਾਰੀ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੇ ਗਏ ਅੱਤਿਆਚਾਰ ਲਈ ਕੋਲਕਾਤਾ ਪੁਲਿਸ ਨੂੰ ਮੁਆਫੀ ਮੰਗਣੀ ਪਵੇਗੀ।
5. ਮ੍ਰਿਤਕ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।
6. ਸਾਰੇ ਹਸਪਤਾਲਾਂ ਵਿੱਚ ਕੰਮ ਵਾਲੀ ਥਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਮੀਟਿੰਗ ਵਿੱਚ ਆਰਜੀਕਰ, ਐਨਆਰਐਸ, ਕੋਲਕਾਤਾ ਮੈਡੀਕਲ, ਨੈਸ਼ਨਲ ਮੈਡੀਕਲ, ਐਸਐਸਕੇਐਮ, ਕੇਪੀਸੀ, ਪੀਅਰਲੈਸ, ਰੂਬੀ, ਆਰਐਨ ਟੈਗੋਰ, ਅਤੇ ਸ਼ਿਸ਼ੂਮੰਗਲ ਹਸਪਤਾਲ ਦੇ ਜੂਨੀਅਰ ਡਾਕਟਰਾਂ ਦੇ ਨੁਮਾਇੰਦੇ ਹਾਜ਼ਰ ਸਨ। ਸੋਮਵਾਰ ਸ਼ਾਮ 4 ਵਜੇ ਕਾਲਜ ਚੌਕ ਤੋਂ ਆਰਜੀਕਰ ਤੱਕ ਰੋਸ ਮਾਰਚ ਵੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਰਜੀਕਰ ਮੈਡੀਕਲ ਕਾਲਜ ਦੇ ਸੈਮੀਨਾਰ ਰੂਮ ‘ਚੋਂ ਇਕ ਸਿਖਿਆਰਥੀ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਇਲਜ਼ਾਮ ਹੈ ਕਿ ਜਬਰ ਜ਼ਨਾਹ ਤੋਂ ਉਸਦਾ ਬਾਅਦ ਕਤਲ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਹਿੰਦੂਸਥਾਨ ਸਮਾਚਾਰ