Dhaka, Bangladesh: ਬੰਗਲਾਦੇਸ਼ ‘ਚ ਸ਼ਨੀਵਾਰ ਨੂੰ ਇਕ ਵਾਰ ਫਿਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਹੁਣ ਢਾਕਾ ਵਿੱਚ ਸੁਪਰੀਮ ਕੋਰਟ ਦਾ ਘਿਰਾਓ ਕੀਤਾ ਅਤੇ ਚੀਫ਼ ਜਸਟਿਸ ਸਮੇਤ ਸਾਰੇ ਜੱਜਾਂ ਨੂੰ ਇੱਕ ਘੰਟੇ ਦੇ ਅੰਦਰ ਅਸਤੀਫ਼ੇ ਦੇਣ ਲਈ ਮਜਬੂਰ ਕੀਤਾ। ਵਧਦੇ ਵਿਰੋਧ ਨੂੰ ਦੇਖਦੇ ਹੋਏ ਬੰਗਲਾਦੇਸ਼ ਦੇ ਚੀਫ ਜਸਟਿਸ ਓਬੈਦੁਲ ਹਸਨ ਨੇ ਨਿਆਂਪਾਲਿਕਾ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਉਹ ਸ਼ਾਮ ਨੂੰ ਪ੍ਰਧਾਨ ਮੁਹੰਮਦ ਸ਼ਹਾਬੁਦੀਨ ਨਾਲ ਸਲਾਹ ਕਰਨ ਤੋਂ ਬਾਅਦ ਆਪਣਾ ਅਸਤੀਫਾ ਸੌਂਪਣਗੇ।
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਜੱਜ ਅਤੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਅਸਤੀਫਾ ਨਾ ਦਿੱਤਾ ਤਾਂ ਉਹ ਉਨ੍ਹਾਂ ਦੇ ਨਿਵਾਸ ‘ਤੇ ਹਮਲਾ ਕਰਨਗੇ। ਹਾਲ ਹੀ ‘ਚ ਬੰਗਲਾਦੇਸ਼ ‘ਚ ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਗਿਆ ਸੀ।
ਬੰਗਲਾਦੇਸ਼ ਦੇ ਮੁੱਖ ਜੱਜ ਦੇ ਤੁਰੰਤ ਅਸਤੀਫੇ ਦੀ ਮੰਗ ਕਰਦੇ ਹੋਏ ਸੈਂਕੜੇ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ, ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਦਾ ਘਿਰਾਓ ਕੀਤਾ।
ਦਰਅਸਲ, ਖ਼ਬਰ ਆਈ ਸੀ ਕਿ ਚੀਫ਼ ਜਸਟਿਸ ਨੇ ਫੁੱਲ ਕੋਰਟ ਮੀਟਿੰਗ ਬੁਲਾਈ ਸੀ, ਜਿਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਨਾਰਾਜ਼ ਹੋ ਗਏ। ਵਿਦਿਆਰਥੀਆਂ ਅਤੇ ਵਕੀਲਾਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ ਸੁਪਰੀਮ ਕੋਰਟ ਵੱਲ ਵਧਣ ਲੱਗੇ। ਅਬਦੁਲ ਮੁਕਾਦੀਮ ਨਾਮ ਦੇ ਇੱਕ ਪ੍ਰਦਰਸ਼ਨਕਾਰੀ ਨੇ ਦਾਅਵਾ ਕੀਤਾ ਕਿ ਚੀਫ਼ ਜਸਟਿਸ ਅੰਤਰਿਮ ਸਰਕਾਰ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਅੰਤਰਿਮ ਸਰਕਾਰ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਆਸਿਫ ਮਹਿਮੂਦ ਨੇ ਵੀ “ਚੀਫ ਜਸਟਿਸ ਓਬੈਦੁਲ ਹਸਨ ਦੇ ਬਿਨਾਂ ਸ਼ਰਤ ਅਸਤੀਫੇ” ਅਤੇ ਫੁੱਲ ਕੋਰਟ ਮੀਟਿੰਗ ਨੂੰ ਰੱਦ ਕਰਨ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਅੰਤਰਿਮ ਸਰਕਾਰ ਵਿੱਚ ਕਾਨੂੰਨੀ ਸਲਾਹਕਾਰ (ਮੰਤਰੀ) ਪ੍ਰੋਫੈਸਰ ਆਸਿਫ਼ ਨਜ਼ਰੁਲ ਨੇ ਕਿਹਾ ਕਿ ਨਿਆਂਪਾਲਿਕਾ ਦੀ ਇੱਜ਼ਤ ਦੀ ਰਾਖੀ ਲਈ ਚੀਫ਼ ਜਸਟਿਸ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨਾ ਚਾਹੀਦਾ ਹੈ।
ਇਸ ਦੌਰਾਨ ਵੀਰਵਾਰ ਸ਼ਾਮ ਨੂੰ ਬੰਗਲਾਦੇਸ਼ ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਪ੍ਰਧਾਨ ਮੁਹੰਮਦ ਸ਼ਹਾਬੁਦੀਨ ਨੇ ਸਹੁੰ ਚੁਕਾਈ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਫਿਲਹਾਲ ਭਾਰਤ ‘ਚ ਰਹਿ ਰਹੀ ਹੈ ਪਰ ਉਹ ਕਿੱਥੇ ਜਾਵੇਗੀ ਇਸ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹ ਭਾਰਤ ‘ਚ ਰਹੇਗੀ, ਕਿਸੇ ਹੋਰ ਦੇਸ਼ ਤੋਂ ਸ਼ਰਣ ਲਵੇਗੀ ਜਾਂ ਬੰਗਲਾਦੇਸ਼ ਵਾਪਸ ਪਰਤੇਗੀ।
ਬੰਗਲਾਦੇਸ਼ ਤੋਂ ਭੱਜਣ ਤੋਂ ਬਾਅਦ ਸ਼ੇਖ ਹਸੀਨਾ ਦਾ ਕੋਈ ਬਿਆਨ ਨਹੀਂ ਆਇਆ ਹੈ, ਹਾਲਾਂਕਿ ਉਨ੍ਹਾਂ ਦਾ ਬੇਟਾ ਸਾਜੀਬ ਵਾਜੇਦ ਲਗਾਤਾਰ ਮੀਡੀਆ ਨਾਲ ਗੱਲ ਕਰ ਰਿਹਾ ਹੈ। ਉਸ ਨੇ ਆਪਣੀ ਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਹਿੰਦੂਸਥਾਨ ਸਮਾਚਾਰ