Chandigarh News: ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰੀਜੀਡੀਅਮ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਟੋ ਖਿਚਵਾ ਕੇ ਪੰਜਾਬ ਦੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਹਿਮਾਂਚਲ ਵਿਚ ਹੋਈਆਂ ਜਿਹੜੀਆਂ ਘਟਨਾਵਾਂ ਸਬੰਧੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਣ ਦੀ ਗੱਲ ਕਰ ਰਹੇ ਹਨ ਉਹ ਕਾਫੀ ਸਮਾਂ ਪਹਿਲਾਂ ਹੋਈਆਂ ਸਨ ਤੇ ਦੂਸਰਾ ਇਸ ਸਬੰਧ ਵਿਚ ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਣ ਸਮੇਂ ਕਿਸੇ ਤਰ੍ਹਾਂ ਦਾ ਮੈਮੋਰੰਡਮ ਜਾਂ ਮੰਗ ਪੱਤਰ ਦੀ ਕੋਈ ਕਾਪੀ ਸਾਹਮਣੇ ਨਹੀ ਆਈ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜਿਥੋਂ ਤੱਕ ਸਾਡੀ ਜਾਣਕਾਰੀ ਹੈ ਕਿ ਉਹ ਆਪਣੇ ਹਿਮਾਚਲ ਵਿਚ ਅਪਣੇ ਬਿਜਨਸ ਲਈ ਹੋਟਲਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੂੰ ਮਿਲੇ ਹਨ।
ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਪੰਜਾਬ ਦੋਨਾਂ ਦੀ ਇਹੀ ਬਦਕਿਸਮਤੀ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ ਤੌਰ ’ਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਵਰਤਣ ਦੀ ਬਜਾਏ ਆਪਣੇ ਬਿਜਨਸ ਲਈ ਵਰਤ ਰਹੇ ਹਨ। ਇਹੀ ਕਾਰਨ ਹੈ ਕਿ ਅਕਾਲੀ ਦਲ ਵਿਚ ਅਜਿਹਾ ਮੰਦਭਾਗਾ ਦੌਰ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਸਿੱਖ ਕੌਮ ਇਸ ਗੱਲ ਨੂੰ ਜਾਣ ਚੁੱਕੇ ਹਨ ਅਤੇ ਇਸੇ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਧਾਨ ਦੇ ਤੌਰ ਤੇ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਪੰਜਾਬੀਆਂ ਤੇ ਸਿੱਖਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਨਾ ਕਰਨ, ਕਿਉਂਕਿ ਪੰਜਾਬ ਦੇ ਲੋਕ ਸਾਰੀਆਂ ਗੱਲਾਂ ਤੋਂ ਭਲੀ ਭਾਂਤੀ ਜਾਣੂ ਹਨ।
ਹਿੰਦੂਸਥਾਨ ਸਮਾਚਾਰ