West Bengal News: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਸਰਕਾਰੀ ਆਰਜੀਕਰ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ (2nd Year) ਨਾਲ ‘ਜਬਰ ਜ਼ਨਾਹ ਤੋਂ ਬਾਅਦ ਕਤਲ’ ਦੀ ਪੁਸ਼ਟੀ ਪੋਸਟ ਮਾਰਟਮ ਰਿਪੋਰਟ ’ਚ ਹੋਈ ਹੈ। ਭਾਜਪਾ ਆਗੂ ਲਗਾਤਾਰ ਦਾਅਵਾ ਕਰ ਰਹੇ ਸਨ ਕਿ ਮਹਿਲਾ ਦਾ ਜਬਰ ਜ਼ਨਾਹ ਤੋਂ ਬਾਅਦ ਕਤਲ ਕੀਤਾ ਗਿਆ ਹੈ। ਸੂਬਾ ਸਰਕਾਰ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦਸ ਦਇਏ ਕਿ ਪੀੜਤਾ ਦੀ ਲਾਸ਼ ਸੈਮੀਨਾਰ ਹਾਲ ਵਿੱਚ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾਇਆ। ਅਧਿਕਾਰਿਆਂ ਮੁਤਾਬਕ ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਵਿੱਚ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਦੀ ਪੁਸ਼ਟੀ ਹੋਈ ਹੈ। ਇਹ ਸੰਕੇਤ ਮਿਲਿਆ ਹੈ ਕਿ ਮਹਿਲਾ ਡਾਕਟਰ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਕਤਲ ਕੀਤਾ ਗਿਆ। ਹਾਲਾਂਕਿ ਪੁਲਿਸ ਵੀ ਇਸਨੂੰ ਖੁਦਕੁਸ਼ੀ ਦਾ ਮਾਮਲਾ ਨਹੀਂ ਮੰਨ ਰਹੀ। ਇਸ ਘਟਨਾ ਸਬੰਧੀ ਥਾਣਾ ਟਾਲਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ, “ਇਹ ਯਕੀਨੀ ਤੌਰ ‘ਤੇ ਖੁਦਕੁਸ਼ੀ ਨਹੀਂ ਹੈ। ਔਰਤ ਦਾ ਕਤਲ ਜਿਨਸੀ ਸ਼ੋਸ਼ਣ ਤੋਂ ਬਾਅਦ ਕੀਤਾ ਗਿਆ।”
ਚਾਰ ਪੰਨਿਆਂ ਦੀ ਮੁੱਢਲੀ ਰਿਪੋਰਟ ਦੇ ਕਈ ਅੰਸ਼ ਦਿਲ ਨੂੰ ਦਹਿਲਾ ਦੇਣ ਵਾਲੇ ਹਨ। ਕਿਹਾ ਗਿਆ ਹੈ ਕਿ ਔਰਤ ਦੇ ਗੁਪਤ ਅੰਗਾਂ ਤੋਂ ਖੂਨ ਵਹਿ ਰਿਹਾ ਸੀ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਔਰਤ ਦੀਆਂ ਅੱਖਾਂ ਅਤੇ ਮੂੰਹ ਵਿਚੋਂ ਖੂਨ ਵਹਿ ਰਿਹਾ ਸੀ ਅਤੇ ਉਸਦੇ ਚਿਹਰੇ, ਨਹੁੰ, ਪੇਟ, ਖੱਬੀ ਲੱਤ, ਗਰਦਨ, ਸੱਜਾ ਹੱਥ ਅਤੇ ਬੁੱਲ੍ਹਾਂ ‘ਤੇ ਜ਼ਖਮ ਸਨ। ਪੋਸਟਮਾਰਟਮ ਦੌਰਾਨ ਦੋ ਮਹਿਲਾ ਗਵਾਹ ਅਤੇ ਪੀੜਤਾ ਦੀ ਮਾਂ ਵੀ ਮੌਜੂਦ ਸੀ।
ਕੋਲਕਾਤਾ ਪੁਲਿਸ ਮੁਤਾਬਕ ਵਾਰਦਾਤ ਸਵੇਰੇ 3 ਤੋਂ 6 ਵਜੇ ਦੇ ਵਿਚਕਾਰ ਹੋਈ ਸੀ। ਔਰਤ ਦੇ ਗਲੇ ਦੀ ਹੱਡੀ ਵੀ ਟੁੱਟੀ ਹੋਈ ਮਿਲੀ ਹੈ। ਅਜਿਹਾ ਲੱਗਦਾ ਹੈ ਕਿ ਪਹਿਲਾਂ ਉਸਦਾ ਗਲਾ ਘੁੱਟਿਆ ਗਿਆ। ਪੁਲਿਸ ਪੂਰੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਕੋਲਕਾਤਾ ਪੁਲਿਸ ਨੇ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ। ਇਸ ਵਿੱਚ ਮਹਿਲਾ ਡਾਕਟਰ ਜਿਸ ਵਿਭਾਗ ਵਿੱਚ ਕੰਮ ਕਰ ਰਹੀ ਸੀ, ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਬੇਰਹਿਮੀ ਦਾ ਸ਼ਿਕਾਰ ਹੋਈ ਮੈਡੀਕਲ ਵਿਦਿਆਰਥਣ ਦੇ ਪਿਤਾ ਨੇ ਵੀ ਦੋਸ਼ ਲਾਇਆ ਹੈ ਕਿ ਉਸਦੀ ਧੀ ਨਾਲ ਜਬਰ ਜ਼ਨਾਹ ਕੀਤਾ ਗਿਆ। ਫਿਰ ਉਸਦਾ ਕਤਲ ਕਰ ਦਿੱਤਾ ਗਿਆ। ਦੂਜੇ ਪਾਸੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਾਪਿਆਂ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਪੁਲਿਸ ਨੇ ਵੀਰਵਾਰ ਰਾਤ ਉਸ (ਮੈਡੀਕਲ ਦੀ ਵਿਦਿਆਰਥਣ) ਨਾਲ ਡਿਊਟੀ ‘ਤੇ ਮੌਜੂਦ ਪੰਜ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ। ਸਿਹਤ ਸਕੱਤਰ ਐਨਐਸ ਨਿਗਮ ਅਤੇ ਕੋਲਕਾਤਾ ਪੁਲਿਸ ਕਮਿਸ਼ਨਰ ਵਿਨੀਤਾ ਗੋਇਲ ਨੇ ਸ਼ੁੱਕਰਵਾਰ ਨੂੰ ਹਸਪਤਾਲ ਦਾ ਦੌਰਾ ਕੀਤਾ ਅਤੇ ਮੈਡੀਕਲ ਕਾਲਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਹਸਪਤਾਲ ਪ੍ਰਬੰਧਨ ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ।
ਇਸ ਦੌਰਾਨ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਿਖਿਆਰਥੀ ਡਾਕਟਰਾਂ ਨੇ ਐਮਰਜੈਂਸੀ ਵਾਰਡ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਵਿੱਚ ਕੰਮ ਬੰਦ ਕਰ ਦਿੱਤਾ ਹੈ। ਉਨ੍ਹਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਵਿਧਾਇਕ ਅਗਨੀਮਿੱਤਰਾ ਪਾਲ ਨੇ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ਾਂਤਨੂ ਸੇਨ ਨੇ ਕਿਹਾ, “ਅਸੀਂ ਇਸ ਪੂਰੀ ਘਟਨਾ ਦੀ ਨਿਰਪੱਖ, ਪਾਰਦਰਸ਼ੀ ਅਤੇ ਪੂਰੀ ਜਾਂਚ ਚਾਹੁੰਦੇ ਹਾਂ।” ਸੇਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਹਨ।
ਹਿੰਦੂਸਥਾਨ ਸਮਾਚਾਰ