Paris Olympic 2024: ਪੈਰਿਸ ਓਲੰਪਿਕ ਵਿੱਚ ਭਾਰਤ ਨੇ ਛੇਵਾਂ ਤਮਗਾ ਜਿੱਤਿਆ ਹੈ। ਇਸ ਵਾਰ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਪੁਰਸ਼ਾਂ ਦੇ ਫਰੀਸਟਾਈਲ 57 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਮਾਣ ਮਹਿਸੂਸ ਕਰਾਇਆ ਹੈ। ਅਮਨ ਨੇ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਪੋਰਟੋ ਰੀਕੋ ਦੇ ਪਹਿਲਵਾਨ ਨੂੰ ਇੱਕਤਰਫ਼ਾ ਅੰਦਾਜ਼ ਵਿੱਚ 13-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਇਸ ਤਰ੍ਹਾਂ ਭਾਰਤ ਨੂੰ ਪੈਰਿਸ ਓਲੰਪਿਕ ਵਿੱਚ ਛੇਵਾਂ ਤਗ਼ਮਾ ਮਿਲਿਆ। ਕੁੱਲ ਮਿਲਾ ਕੇ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ 5ਵਾਂ ਕਾਂਸੀ ਦਾ ਤਗ਼ਮਾ ਹੈ। ਇੰਨਾ ਹੀ ਨਹੀਂ ਉਹ ਓਲੰਪਿਕ ‘ਚ ਵਿਅਕਤੀਗਤ ਈਵੈਂਟ ‘ਚ ਤਮਗਾ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਵੀ ਬਣ ਗਿਆ ਹੈ।
ਅਮਨ ਨੂੰ ਸੈਮੀਫਾਈਨਲ ਮੈਚ ‘ਚ ਜਾਪਾਨ ਦੇ ਰੀ ਹਿਗੁਚੀ ਦੇ ਹੱਥੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਅਮਨ ਨੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਨੂੰ ਜਸ਼ਨ ਮਨਾਉਣ ਅਤੇ ਮਾਣ ਕਰਨ ਦਾ ਮੌਕਾ ਦਿੱਤਾ ਹੈ।
ਪੈਰਿਸ ਓਲੰਪਿਕ ਵਿੱਚ ਭਾਰਤ ਨੇ 6 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ ਪੰਜ ਕਾਂਸੀ ਅਤੇ ਇੱਕ ਚਾਂਦੀ ਦਾ ਹੈ। ਸਭ ਤੋਂ ਪਹਿਲਾਂ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਫਿਰ ਸ਼ੂਟਿੰਗ ਦੇ ਮਿਕਸਡ ਟੀਮ ਈਵੈਂਟ ਵਿੱਚ ਮਨੂ ਅਤੇ ਸਰਬਜੋਤ ਸਿੰਘ ਨੇ ਦੂਜਾ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਕੁਸਲੇ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਸ਼ੂਟਿੰਗ ਵਿੱਚ ਤੀਜਾ ਕਾਂਸੀ ਦਾ ਤਗ਼ਮਾ ਜਿੱਤਿਆ। ਫਿਰ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਅਤੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ। ਹੁਣ ਪਹਿਲਵਾਨ ਅਮਨ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਛੇਵਾਂ ਤਮਗਾ ਦਿਵਾਇਆ ਹੈ।
ਹਿੰਦੂਸਥਾਨ ਸਮਾਚਾਰ