New Delhi: ਸੁਤੰਤਰਤਾ ਦਿਵਸ ਦੇ ਜਸ਼ਨਾਂ ਮੌਕੇ ਅੱਜ ਤੋਂ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਹੋ ਗਈ ਹੈ। ਇਹ ਮੁਹਿੰਮ 15 ਅਗਸਤ ਤੱਕ ਚੱਲੇਗੀ। ਇਸ ਮੁਹਿੰਮ ਦੀ ਇੱਕ ਅਹਿਮ ਲੜੀ ਦੇ ਹਿੱਸੇ ਵਜੋਂ 13 ਅਗਸਤ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੰਸਦ ਮੈਂਬਰਾਂ ਦੀ ਤਿਰੰਗਾ ਬਾਈਕ ਰੈਲੀ ਕੱਢੀ ਜਾਵੇਗੀ।
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ‘ਹਰ ਘਰ ਤਿਰੰਗਾ ਅਭਿਆਨ’ ਦੀ ਸ਼ੁਰੂਆਤ ਦੀ ਪੂਰਵ ਸੰਧਿਆ ‘ਤੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਇਸ ਪ੍ਰੈਸ ਕਾਨਫਰੰਸ ਦਾ ਵਿਸਤ੍ਰਿਤ ਵੇਰਵਾ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਵੱਲੋਂ ਜਾਰੀ ਕੀਤਾ ਗਿਆ ਹੈ।
ਸ਼ੇਖਾਵਤ ਨੇ ਕਿਹਾ ਹੈ ਕਿ ਇਸ ਦਾ ਉਦੇਸ਼ ਨਾਗਰਿਕਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਸਵੈਮਾਣ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਆਪਣੇ ਘਰਾਂ ‘ਤੇ ਤਿਰੰਗਾ ਲਹਿਰਾਉਣ ਅਤੇ ਝੰਡੇ ਨਾਲ ਸੈਲਫੀ ਲੈ ਕੇ harghartiranga.com ‘ਤੇ ਅਪਲੋਡ ਕਰਨ ਦੀ ਅਪੀਲ ਕੀਤੀ ਹੈ।
ਸ਼ੇਖਾਵਤ ਨੇ ਕਿਹਾ ਕਿ ਇਹ ਮੁਹਿੰਮ 2022 ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸ਼ੁਰੂ ਕੀਤੀ ਗਈ ਸੀ। ਫਿਰ 23 ਕਰੋੜ ਤੋਂ ਵੱਧ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਛੇ ਕਰੋੜ ਲੋਕਾਂ ਨੇ harghartiranga.com ‘ਤੇ ਝੰਡੇ ਦੇ ਨਾਲ ਆਪਣੀਆਂ ਸੈਲਫੀਆਂ ਅਪਲੋਡ ਕੀਤੀਆਂ। 2023 ਵਿੱਚ ਹਰ ਘਰ ਤਿਰੰਗਾ ਮੁਹਿੰਮ ਤਹਿਤ 10 ਕਰੋੜ ਤੋਂ ਵੱਧ ਸੈਲਫੀਜ਼ ਅਪਲੋਡ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਿੱਸਾ ਲੈ ਰਹੇ ਹਨ। ਪ੍ਰਮੁੱਖ ਉਦਯੋਗਿਕ ਭਾਈਵਾਲ ਈ-ਕਾਮਰਸ ਪਲੇਟਫਾਰਮ, ਰੇਲਵੇ, ਸਿਵਲ ਏਵੀਏਸ਼ਨ ਸੈਕਟਰ, ਭਾਰਤੀ ਹਥਿਆਰਬੰਦ ਬਲ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਵੀ ਜਾਣਕਾਰੀ ਦੇ ਪ੍ਰਸਾਰ ਅਤੇ ਮੁਹਿੰਮ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਦੇਸ਼ ਭਰ ਵਿੱਚ ਸਵੈ-ਸਹਾਇਤਾ ਸਮੂਹ ਵੱਡੇ ਪੱਧਰ ‘ਤੇ ਝੰਡੇ ਦੇ ਉਤਪਾਦਨ ਅਤੇ ਉਪਲਬਧਤਾ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
ਸ਼ੇਖਾਵਤ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਤਿਰੰਗਾ ਦੌੜ, ਤਿਰੰਗਾ ਸੰਗੀਤ ਸਮਾਰੋਹ, ਨੁੱਕੜ ਨਾਟਕ, ਪੇਂਟਿੰਗ ਮੁਕਾਬਲੇ, ਤਿਰੰਗੇ ਦੇ ਵਿਕਾਸ ‘ਤੇ ਪ੍ਰਦਰਸ਼ਨੀ, ਫਲੈਸ਼ ਮੋਬ ਅਤੇ ਤਿਰੰਗਾ ਬਾਈਕ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਆਕਰਸ਼ਣ ਸੰਸਦ ਮੈਂਬਰਾਂ ਦੀ ਵਿਸ਼ੇਸ਼ ਤਿਰੰਗਾ ਬਾਈਕ ਰੈਲੀ ਹੋਵੇਗੀ। ਇਹ 13 ਅਗਸਤ ਨੂੰ ਸਵੇਰੇ 8 ਵਜੇ ਦਿੱਲੀ ਵਿਖੇ ਹੋਵੇਗੀ। ਇਹ ਰੈਲੀ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ਰਾਹੀਂ ਹੁੰਦੀ ਹੋਈ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਸਮਾਪਤ ਹੋਵੇਗੀ।
ਹਿੰਦੂਸਥਾਨ ਸਮਾਚਾਰ