Haryana News: ਹਰਿਆਣਾ ਸਰਕਾਰ ਦਾ ਕਿਸਾਨਾਂ ਲਈ ਵੱਡਾ ਐਲਾਨ, MSP ‘ਤੇ ਖਰੀਦੀਆਂ ਜਾਣਗੀਆਂ ਸਾਰੀਆਂ ਫਸਲਾਂ
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਤੋਂ ਹਰਿਆਣਾ ਸਰਕਾਰ ਕਿਸਾਨਾਂ ਦੀ ਹਰ ਫਸਲ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਖਰੀਦੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੇਸ਼ ਦੀ ਇਕਲੌਤੀ ਸੂਬਾ ਸਰਕਾਰ ਹੋਵੇਗੀ ਜੋ ਕਿਸਾਨਾਂ ਦੀ ਹਰ ਫਸਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇਗੀ।
ਸੂਬਾ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਹੈ ਜਦੋਂ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਦੀ ਮੰਗ ‘ਤੇ ਅੜੇ ਹੋਏ ਹਨ। ਇਸ ਦੇ ਲਈ ਦੇਸ਼ ਵਿੱਚ ਕਿਸਾਨਾਂ ਦੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਪਹਿਲਾਂ ਹੀ ਦੇਖਣ ਨੂੰ ਮਿਲ ਚੁੱਕੇ ਹਨ। ਹੁਣ ਹਰਿਆਣਾ ਸਰਕਾਰ ਨੇ ਹਰ ਫਸਲ ਨੂੰ ਘੱਟੋ-ਘੱਟ ਸਮਰਥਨ ਮੁੱਲ ਰਾਹੀਂ ਖਰੀਦਣ ਦਾ ਫੈਸਲਾ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।
24 ਫ਼ਸਲਾਂ ‘ਤੇ ਮਿਲੇਗਾ MSP
ਐਤਵਾਰ ਨੂੰ ਕੁਰੂਕਸ਼ੇਤਰ ਤੋਂ ਥਾਨੇਸਰ ਵਿਧਾਨ ਸਭਾ ਦੀ ‘ਮਹਾਰਾ ਹਰਿਆਣਾ, ਨਾਨ ਸਟਾਪ ਹਰਿਆਣਾ’ ਰੈਲੀ ‘ਚ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਸਭ ਤੋਂ ਵੱਡਾ ਐਲਾਨ ਇਹ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੀ ਹਰ ਫਸਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇਗੀ। ਸੂਬੇ ਦੇ ਕਿਸਾਨ ਭਾਵੇਂ ਕੋਈ ਵੀ ਫ਼ਸਲ ਉਗਾਉਣ, ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਅਸਲ ਕੀਮਤ ਮਿਲੇਗੀ। ਹੁਣ ਸੂਬੇ ‘ਚ 24 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ।
ਮੁੱਖ ਮੰਤਰੀ ਨੇ ਵਿਰੋਧੀ ਧਿਰ ਕਾਂਗਰਸ ਪਾਰਟੀ ‘ਤੇ ਵੀ ਹਮਲਾ ਬੋਲਿਆ। ਮੁੱਖ ਮੰਤਰੀ ਨੇ ਕਿਹਾ ਕਿ ਐਮਐਸਪੀ ਲਈ ਕਾਂਗਰਸ ਦਾ ਝੂਠ ਅਤੇ ਇਸ ਦੀ ਗੁੰਮਰਾਹਕੁੰਨ ਰਾਜਨੀਤੀ ਕਿਸਾਨ ਭਰਾਵਾਂ ਦੇ ਸਾਹਮਣੇ ਹੈ। ਦੇਸ਼ ਵਿੱਚ ਜਿੱਥੇ ਵੀ ਕਾਂਗਰਸ ਦੀ ਸਰਕਾਰ ਹੈ, ਉੱਥੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੁੱਝ ਫ਼ਸਲਾਂ ਹੀ ਖ਼ਰੀਦੀਆਂ ਜਾਂਦੀਆਂ ਹਨ, ਜਿਸ ਦਾ ਪੈਸਾ ਕੇਂਦਰ ਸਰਕਾਰ ਐਫਸੀਆਈ ਰਾਹੀਂ ਅਦਾ ਕਰਦੀ ਹੈ। ਸਾਡੇ ਹਰਿਆਣਾ ਦੇ ਕਿਸਾਨ ਹੁਣ ਕਾਂਗਰਸ ਦੀ ਇਸ ਝੂਠ ਅਤੇ ਧੋਖੇ ਦੀ ਰਾਜਨੀਤੀ ਵਿੱਚ ਆਉਣ ਵਾਲੇ ਨਹੀਂ ਹਨ।