Jammu Kashmir News: ਜੰਮੂ ਡਿਵੀਜ਼ਨ ਦੇ ਅਖਨੂਰ ਅਤੇ ਸੁੰਦਰਬਨੀ ਸੈਕਟਰਾਂ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਅੱਧੀ ਰਾਤ ਤੋਂ ਬਾਅਦ ਘੁਸਪੈਠੀਆਂ ਦੇ ਦੋ ਸਮੂਹਾਂ ਦੀ ਗਤੀਵਿਧੀ ਨੂੰ ਵੇਖਦੇ ਹੋਏ ਫੌਜ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਦੋਵਾਂ ਇਲਾਕਿਆਂ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਅਧਿਕਾਰੀਆਂ ਮੁਤਾਬਕ ਜੰਮੂ ਦੇ ਬਾਹਰੀ ਇਲਾਕੇ ਅਖਨੂਰ ਦੇ ਬੱਟਲ ਸੈਕਟਰ ਦੇ ਅੱਗੇ ਵਾਲੇ ਖੇਤਰ ‘ਚ ਸੋਮਵਾਰ ਦੇਰ ਰਾਤ 1:30 ਵਜੇ ਦੇ ਕਰੀਬ ਤਿੰਨ ਤੋਂ ਚਾਰ ਘੁਸਪੈਠੀਆਂ ਦੀ ਸ਼ੱਕੀ ਗਤੀਵੀਧਿਆਂ ਦੇਖ ਕੇ ਚੌਕਸ ਫੌਜੀ ਜਵਾਨਾਂ ਨੇ ਗੋਲੀਬਾਰੀ ਕੀਤੀ। ਖੇਤਰ ਨੂੰ ਫਲੇਅਰਜ਼ ਨਾਲ ਰੋਸ਼ਨ ਕੀਤਾ ਗਿਆ ਅਤੇ ਸਖ਼ਤ ਘੇਰਾਬੰਦੀ ਕਰਨ ਦੇ ਨਾਲ ਡਰੋਨ ਰਾਹੀਂ ਨਿਗਰਾਨੀ ਕੀਤੀ ਗਈ। ਸਵੇਰ ਹੁੰਦੇ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ-ਨੌਸ਼ਹਿਰਾ ਸੈਕਟਰ ਦੇ ਅੱਗੇ ਵਾਲੇ ਖੇਤਰ ‘ਚ ਰਾਤ 12:30 ਵਜੇ ਸ਼ੱਕੀ ਗਤੀਵਿਧੀ ਦੇਖਣ ‘ਤੇ ਫੌਜ ਦੇ ਜਵਾਨਾਂ ਨੇ ਕੁਝ ਰਾਉਂਡ ਫਾਇਰ ਕੀਤੇ।
ਉਨ੍ਹਾਂ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਇਲਾਕਿਆਂ ਦੀ ਤਲਾਸ਼ੀ ਵੀ ਜਾਰੀ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੀ ਸੋਮਵਾਰ ਨੂੰ ਪੰਜਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਪੂਰੇ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ