Amritsar News: ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਬੀਤੀ ਰਾਤ ਉਬਲਦੇ ਕੜਾਹੇ ਵਿੱਚ ਡਿੱਗਣ ਕਾਰਨ ਸੇਵਾਦਾਰ ਬੁਰੀ ਤਰ੍ਹਾਂ ਝੁਲਸ ਗਿਆ। ਨੇੜੇ ਹੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਤੁਰੰਤ ਉਸਨੂੰ ਕੜਾਹੀ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਦਰਬਾਰ ਸਾਹਿਬ ਵਿੱਚ ਹਰ ਰੋਜ਼ ਔਸਤਨ ਇੱਕ ਲੱਖ ਲੋਕਾਂ ਲਈ ਲੰਗਰ ਤਿਆਰ ਹੁੰਦਾ ਹੈ। ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਦੀ ਪਛਾਣ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਵਜੋਂ ਹੋਈ ਹੈ। ਬਲਬੀਰ ਸਿੰਘ ਦਸ ਸਾਲਾਂ ਤੋਂ ਦਰਬਾਰ ਸਾਹਿਬ ਸੇਵਾ ਕਰਨ ਲਈ ਆ ਰਹੇ ਹਨ। ਰਾਤ ਕਰੀਬ 12.30 ਵਜੇ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ। ਹਰਿਮੰਦਰ ਸਾਹਿਬ ਦੇ ਵੱਡੇ-ਵੱਡੇ ਕੜਾਹਿਆਂ ਵਿੱਚ ਆਲੂ ਉਬਾਲੇ ਜਾ ਰਹੇ ਸਨ।
ਇਸ ਦੌਰਾਨ ਬਲਬੀਰ ਸਿੰਘ ਵੀ ਆਲੂ ਉਬਾਲ ਰਹੇ ਸੀ ਕਿ ਅਚਾਨਕ ਪੈਰ ਫਿਸਲਣ ਕਾਰਨ ਉਹ ਕੜਾਹੇ ਵਿੱਚ ਡਿੱਗ ਗਿਆ। ਮੌਕੇ ‘ਤੇ ਮੌਜੂਦ ਹੋਰ ਸੇਵਾਦਾਰਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰੀਰ ਦਾ 70 ਫੀਸਦੀ ਹਿੱਸਾ ਝੁਲਸ ਗਿਆ ਹੈ। ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਹਿੰਦੂਸਥਾਨ ਸਮਾਚਾਰ