Wayanad Landslide Update: ਕੇਰਲ ਦੇ ਵਾਇਨਾਡ ‘ਚ ਤਬਾਹੀ ਦਾ ਮੰਜ਼ਰ ਅਜੇ ਵੀ ਥੱਮਿਆ ਨਹੀਂ ਹੈ। ਜ਼ਮੀਨ ਖਿਸਕਣ ਕਾਰਨ ਹੁਣ ਤੱਕ ਤਕਰੀਬਨ 308 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ।
ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ, ਮਰਨ ਵਾਲਿਆਂ ਵਿੱਚ 27 ਬੱਚੇ ਅਤੇ 76 ਔਰਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁੰਡਕਾਈ ਅਤੇ ਚੂਰਲਮਾਲਾ ਦੇ ਸਨ। ਜੋ ਕਿ ਸਭ ਤੋਂ ਵੱਧ ਪ੍ਰਭਾਵਤ ਖੇਤਰ ਹਨ ।
ਇਸ ਦੌਰਾਨ, ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਤ੍ਰਿਸ਼ੂਰ, ਮਲਪੁਰਮ, ਕੋਝੀਕੋਡ, ਵਾਇਨਾਡ, ਕੰਨੂਰ ਅਤੇ ਕਾਸਰਗੋਡ ਜ਼ਿਲ੍ਹਿਆਂ ਵਿੱਚ ਸਕੂਲ, ਕਾਲਜ ਅਤੇ ਟਿਊਸ਼ਨ ਕੇਂਦਰਾਂ ਸਮੇਤ ਸਾਰੇ ਵਿਦਿਅਕ ਅਦਾਰੇ ਅੱਜ ਯਾਨੀ 2 ਅਗਸਤ ਨੂੰ ਬੰਦ ਕਰ ਦਿੱਤੇ ਗਏ ਹਨ। ਛੁੱਟੀ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਜਦੋਂ ਕੇਰਲ ਦੇ ਮੌਸਮ ਵਿਭਾਗ ਨੇ ਸ਼ਨੀਵਾਰ ਤੱਕ ਵਾਇਨਾਡ ਜ਼ਿਲੇ ‘ਚ ਬਾਰਿਸ਼ ਦਾ ‘ਸੰਤਰੀ’ ਅਲਰਟ ਜਾਰੀ ਕੀਤਾ ਹੈ।
ਕੇਰਲ ਦੇ ਕਈ ਸਕੂਲਾਂ ਨੂੰ ਰਾਹਤ ਕੈਂਪਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਕੇਰਲ ‘ਚ 5 ਅਗਸਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਵਾਇਨਾਡ ‘ਚ ਜ਼ਮੀਨ ਖਿਸਕਣ ਦੇ ਤਿੰਨ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀਆਂ ਹਨ। ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਬੀਤੇ ਦਿਨ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਵਾਇਨਾਡ ਦੇ ਚੂਰਲਮਾਲਾ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਵਾਇਨਾਡ ਲਈ ਇੱਕ ਭਿਆਨਕ ਤ੍ਰਾਸਦੀ ਹੈ ਅਤੇ ਇੱਥੇ ਬਹੁਤ ਕੁਝ ਕਰਨ ਦੀ ਲੋੜ ਹੈ।
ਹਿੰਦੂਸਥਾਨ ਸਮਾਚਾਰ