UPSC New Chairman News: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ UPSC ਨੂੰ ਆਪਣਾ ਨਵਾਂ ਚੇਅਰਮੈਨ ਮਿਲ ਗਿਆ ਹੈ। ਆਂਧਰਾ ਪ੍ਰਦੇਸ਼ ਕੇਡਰ ਦੀ 1983 ਬੈਚ ਦੀ ਆਈਐਸ ਅਧਿਕਾਰੀ ਪ੍ਰੀਤੀ ਸੂਦਨ ਨੂੰ ਯੂਪੀਐਸਸੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰੀਤੀ ਸੂਦਨ ਕੋਲ ਪ੍ਰਸ਼ਾਸਨਿਕ ਕੰਮਾਂ ਦਾ 37 ਸਾਲ ਦਾ ਤਜ਼ਰਬਾ ਹੈ ਅਤੇ ਉਹ 4 ਸਾਲ ਪਹਿਲਾਂ ਯਾਨੀ ਜੁਲਾਈ 2020 ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਸੀ। ਪ੍ਰੀਤੀ ਸੂਦਨ ਕੋਰੋਨਾ ਮਹਾਮਾਰੀ ਦੌਰਾਨ ਸਿਹਤ ਸਕੱਤਰ ਸੀ ਅਤੇ ਉਨ੍ਹਾਂ ਨੇ ਕੋਰੋਨਾ ਨਾਲ ਨਜਿੱਠਣ ਲਈ ਕਈ ਰਣਨੀਤੀਆਂ ਵੀ ਬਣਾਈਆਂ ਸਨ। ਪ੍ਰੀਤੀ ਸੂਦਨ 1 ਅਗਸਤ ਨੂੰ ਕਮਿਸ਼ਨ ਦੀ ਚੇਅਰਮੈਨ ਵਜੋਂ ਅਹੁਦਾ ਸੰਭਾਲੇਗੀ।
ਦੱਸ ਦੇਈਏ ਕਿ ਮਨੋਜ ਸੋਨੀ ਦੇ ਅਸਤੀਫੇ ਤੋਂ ਬਾਅਦ UPSC ਚੇਅਰਮੈਨ ਦਾ ਅਹੁਦਾ ਖਾਲੀ ਹੋ ਗਿਆ ਸੀ, ਜਿਸ ਤੋਂ ਬਾਅਦ ਹੁਣ UPSC ਨੇ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ।
ਪ੍ਰੀਤੀ ਸੂਦਨ ਹਮੇਸ਼ਾ ਚਰਚਾ ‘ਚ ਰਹੀ
ਆਪਣੇ 37 ਸਾਲਾਂ ਦੇ ਕਾਰਜਕਾਲ ਦੌਰਾਨ, IAS ਪ੍ਰੀਤੀ ਸੂਦਨ ਨੇ ਭਾਰਤ ਸਰਕਾਰ ਦੇ ਕਈ ਮੰਤਰਾਲਿਆਂ ਵਿੱਚ ਸੇਵਾ ਨਿਭਾਈ ਹੈ। ਪ੍ਰੀਤੀ ਸੂਦਨ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰੱਖਿਆ ਮੰਤਰਾਲੇ ਦੇ ਸਕੱਤਰ ਵਜੋਂ ਵੀ ਕੰਮ ਕੀਤਾ ਹੋਇਆ ਹੈ। ਉਨ੍ਹਾਂ ਨੂੰ ਖੁਰਾਕ ਅਤੇ ਜਨਤਕ ਵੰਡ ਵਿਭਾਗ ਵਿੱਚ ਵੀ ਨਿਯੁਕਤੀ ਮਿਲੀ। ਉਨ੍ਹਾਂ ਨੇ ਸਿਹਤ ਸਕੱਤਰ ਵਜੋਂ ਸੇਵਾ ਨਿਭਾਈ। ਆਪਣੀ ਸੇਵਾ ਦੌਰਾਨ, ਪ੍ਰੀਤੀ ਆਪਣੇ ਸ਼ਲਾਘਾਯੋਗ ਕੰਮਾਂ ਲਈ ਹਮੇਸ਼ਾ ਸੁਰਖੀਆਂ ਵਿੱਚ ਰਹੀ। ਪ੍ਰੀਤੀ ਸੂਦਨ ਨੇ ਕੇਂਦਰ ਦੀਆਂ ਮਹੱਤਵਪੂਰਨ ਯੋਜਨਾਵਾਂ, ਬੇਟੀ ਬਚਾਓ-ਬੇਟੀ ਪੜ੍ਹਾਓ ਅਤੇ ਆਯੁਸ਼ਮਾਨ ਭਾਰਤ ਯੋਜਨਾ ‘ਤੇ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਅਲਾਈਡ ਹੈਲਥ ਪ੍ਰੋਫੈਸ਼ਨਲ ਕਮਿਸ਼ਨ ਦੇ ਗਠਨ ਵਿਚ ਵੀ ਯੋਗਦਾਨ ਪਾਇਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਨੇ ਈ-ਸਿਗਰੇਟ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਉਸਨੇ ਆਂਧਰਾ ਪ੍ਰਦੇਸ਼ ਵਿੱਚ ਵਿੱਤ ਵਿਭਾਗ, ਯੋਜਨਾ ਵਿਭਾਗ, ਆਫ਼ਤ ਪ੍ਰਬੰਧਨ ਟੂਰਿਜ਼ਮ ਆਦਿ ਵਿਭਾਗਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ। ਪ੍ਰੀਤੀ ਸੂਦਨ ਵਿਸ਼ਵ ਬੈਂਕ ਦੀ ਸਲਾਹਕਾਰ ਵਜੋਂ ਵੀ ਕੰਮ ਕਰ ਚੁੱਕੀ ਹੈ। ਹੁਣ ਉਹ ਯੂਪੀਏਸੀ ਦੀ ਚੇਅਰਮੈਨ ਵਜੋਂ ਸੇਵਾ ਨਿਭਾਉਣ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ