Chandigarh News: ਦੇਸ਼-ਵਿਦੇਸ਼ ‘ਚ ਸਥਾਪਿਤ ਗੁਰਦੁਆਰਾ ਸਾਹਿਬਾਨ ‘ਤੇ ਲਹਿਰਾਏ ਜਾਣ ਵਾਲੇ ਝੰਡੇ ਦਾ ਰੰਗ ਹੁਣ ਬਸੰਤੀ ਜਾਂ ਸੁਰਮਈ ਹੋਵੇਗਾ। ਗੁਰਦੁਆਰਾ ਸਾਹਿਬਾਨ ‘ਤੇ ਹੁਣ ਕੇਸਰੀ ਰੰਗ ਦੇ ਝੰਡੇ ਨਹੀਂ ਲਹਿਰਾਏ ਜਾਣਗੇ। ਇਹ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਸਮੇਤ ਦੇਸ਼-ਵਿਦੇਸ਼ ਵਿਚ ਸਥਾਪਿਤ ਜ਼ਿਆਦਾਤਰ ਗੁਰਦੁਆਰਿਆਂ ਵਿਚ ਕੇਸਰੀ ਰੰਗ ਦੇ ਝੰਡੇ ਝੂਲ ਰਹੇ ਹਨ। ਇਸ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਅਕਾਲ ਤਖ਼ਤ ਸਾਹਿਬ ‘ਤੇ ਸ਼ਿਕਾਇਤਾਂ ਆ ਰਹੀਆਂ ਸਨ। ਕੇਸਰੀ ਰੰਗ ਦੇ ਝੰਡੇ ਦੀ ਇਕ ਹੋਰ ਹਿੰਦੂ ਜਥੇਬੰਦੀ ਦੇ ਝੰਡੇ ਨਾਲ ਸਮਾਨਤਾ ਹੋਣ ਕਾਰਨ ਇਹ ਵਿਵਾਦ ਖੜ੍ਹਾ ਹੋਇਆ ਹੈ। ਲੰਮੀ ਬਹਿਸ ਤੋਂ ਬਾਅਦ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਨੇ ਮੀਟਿੰਗ ਕਰਕੇ ਗੁਰਦੁਆਰਾ ਸਾਹਿਬਾਨ ‘ਤੇ ਲਹਿਰਾਉਣ ਵਾਲੇ ਨਿਸ਼ਾਨ ਸਾਹਿਬ (ਝੰਡੇ) ਦਾ ਰੰਗ ਤੈਅ ਕਰ ਦਿੱਤਾ ਹੈ।
ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ (ਸਿੱਖ ਝੰਡੇ) ਦੇ ਕੱਪੜੇ ਦੇ ਰੰਗ ਨੂੰ ਲੈ ਕੇ ਇਤਰਾਜ਼ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਅਧੀਨ ਪੈਂਦੇ ਸਾਰੇ ਗੁਰਦੁਆਰਿਆਂ ਨੂੰ ਪੱਤਰ ਲਿਖ ਕੇ ਨਿਸ਼ਾਨ ਸਾਹਿਬ ਨੂੰ ਸਿੱਖ ਰਹਿਤ ਮਰਯਾਦਾ ਵਿੱਚ ਦਰਜ ਰੰਗਾਂ ਵਿੱਚ ਹੀ ਲਗਾਉਣ ਲਈ ਕਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਇਤਰਾਜ਼ ਜਤਾਇਆ ਸੀ ਕਿ ਸੁਰਮਈ (ਨੀਲਾ) ਅਤੇ ਬਸੰਤੀ (ਨਾਰੰਗੀ) ਦੇ ਰੰਗ ਬਦਲੇ ਜਾ ਰਹੇ ਹਨ, ਜੋ ਕਿ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੈ। ਅਕਾਲ ਤਖ਼ਤ ਨੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਗੁਰਦੁਆਰਿ1ਆਂ ਦੇ ਪ੍ਰਬੰਧਕਾਂ ਨੂੰ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਕਾਲ ਤਖ਼ਤ ਤੋਂ ਪ੍ਰਾਪਤ ਹਦਾਇਤਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਅਧੀਨ ਸਾਰੇ ਗੁਰਦੁਆਰਿਆਂ ਨੂੰ ਇੱਕ ਸਰਕੂਲਰ ਜਾਰੀ ਕਰਕੇ ਨਿਸ਼ਾਨ ਸਾਹਿਬ ਲਈ ਸਿੱਖ ਰਹਿਤ ਮਰਿਆਦਾ ਅਨੁਸਾਰ ਸੁਝਾਏ ਰੰਗ ਦੀ ਵਰਤੋਂ ਕਰਨ ਲਈ ਕਿਹਾ ਸੀ। ਨਿਸ਼ਾਨ ਸਾਹਿਬ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਵਿੱਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਹਰ ਗੁਰਦੁਆਰੇ ਵਿੱਚ ਉੱਚੀ ਥਾਂ ’ਤੇ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ। ਝੰਡੇ ਦਾ ਕੱਪੜਾ ਬਸੰਤੀ ਜਾਂ ਗੂੜ੍ਹਾ ਨੀਲਾ ਹੋਣਾ ਚਾਹੀਦਾ ਹੈ ਅਤੇ ਝੰਡੇ ਦੇ ਖੰਭੇ ਦੇ ਸਿਖਰ ‘ਤੇ ਭਾਲਾ ਜਾਂ ਖੰਡਾ ਹੋਣਾ ਚਾਹੀਦਾ ਹੈ।
ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਜੀਐਸ ਗਰੇਵਾਲ ਅਨੁਸਾਰ ਰਵਾਇਤੀ ਤੌਰ ’ਤੇ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਜਾਂ ਬਸੰਤੀ ਸੀ ਪਰ ਸਮੇਂ ਦੇ ਬੀਤਣ ਨਾਲ ਲੋਕਾਂ ਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ, ਇਸ ਲਈ ਹੁਣ ਅਕਾਲ ਤਖ਼ਤ ਵੱਲੋਂ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਨਿਸ਼ਾਨ ਸਾਹਿਬ ਦਾ ਭਗਵਾਕਰਨ ਕੀਤਾ ਗਿਆ ਸੀ। ਪ੍ਰਤਾਪ ਸਿੰਘ ਨੇ ਕਿਹਾ ਕਿ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਵਿੱਚ ਦਰਸਾਏ ਰੰਗ ਤੋਂ ਇਲਾਵਾ ਕਿਸੇ ਹੋਰ ਰੰਗ ’ਚ ਲਹਿਰਾਉਣ ਵਾਲੇ ਨਿਸ਼ਾਨ ਸਾਹਿਬ ਨੂੰ ਬਦਲਕੇ ਰਵਾਇਤੀ ਰੰਗ ਲਗਾ ਲੈਣ।
ਹਿੰਦੂਸਥਾਨ ਸਮਾਚਾਰ