Chandigarh News: ਐਮ.ਜੀ.ਐਫ਼. ਕੰਪਨੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ 150 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਗੁਰੂਗ੍ਰਾਮ ਪੁਲਿਸ ਨੂੰ ਕੁਲਵੰਤ ਸਿੰਘ, ਪਰਮਜੀਤ ਸਿੰਘ, ਮਨਜੀਤ ਕੌਰ ਅਤੇ ਐਮ.ਐਸ. ਜਨਤਾ ਲੈਂਡ ਦੇ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਇਹ ਐਫ਼.ਆਈ.ਆਰ. ਡੀ.ਐੱਲ.ਐਫ਼. ਫ਼ੇਜ਼ 2 ਥਾਣੇ ਵਿਚ ਧਾਰਾ 120-ਬੀ, 406, 418, 420, 468, 471, 506 ਦੇ ਤਹਿਤ ਦਰਜ ਕੀਤੀ ਗਈ ਹੈ।
ਦਸ ਦਇਏ ਕਿ ਐਮਜੀਐਫ ਬਿਲਡਰ ਕੰਪਨੀ ਨੇ ਦੋਸ਼ ਲਾਇਆ ਕਿ ਜਨਤਾ ਲੈਂਡ ਪ੍ਰਮੋਟਰਜ਼ ਨੇ ਉਨ੍ਹਾਂ ਦਾ ਇੱਕ ਪ੍ਰਾਜੈਕਟ ਐਮਜੀਐਫ ਦੀ ਜ਼ਮੀਨ ’ਤੇ ਬਣਾਇਆ ਸੀ। ਪਰ ਉਸ ਨੂੰ ਸਮਝੌਤੇ ਅਨੁਸਾਰ ਇਸ ਪ੍ਰਾਜੈਕਟ ਦਾ ਭੁਗਤਾਨ ਨਹੀਂ ਕੀਤਾ ਗਿਆ। ਮਾਮਲਾ ਅਦਾਲਤ ਵਿੱਚ ਪੁੱਜਾ ਤਾਂ ਅਦਾਲਤ ਦੇ ਹੁਕਮਾਂ ’ਤੇ ਇਹ ਕੇਸ ਦਰਜ ਕੀਤਾ ਗਿਆ।
ਧੋਖਾਧੜੀ ਦਾ ਮਾਮਲਾ 150 ਕਰੋੜ ਰੁਪਏ ਦਾ ਹੈ। ਐਮਜੀਐਫ ਬਿਲਡਰ ਕੰਪਨੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪੂਰੇ ਪ੍ਰੋਜੈਕਟ ਦੀ ਲਾਗਤ ਕਰੀਬ 180 ਕਰੋੜ ਰੁਪਏ ਸੀ। ਪਰ 2021 ਤੋਂ ਬਾਅਦ ਉਸ ਨੇ ਕੋਈ ਅਦਾਇਗੀ ਨਹੀਂ ਕੀਤੀ। ਇਸ ਦੇ ਖਿਲਾਫ ਗੁਰੂਗ੍ਰਾਮ ਦੇ ਡੀਐਲਐਫ ਫੇਜ਼-2 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਗੁਰੂਗ੍ਰਾਮ ਦੇ ਸੈਕਟਰ 94 ਵਿੱਚ ਕਰੀਬ 100 ਏਕੜ ਜ਼ਮੀਨ ਦਾ ਹੈ। ਇਸ ਵਿੱਚ ਵਿਧਾਇਕ ਕੁਲਵੰਤ ਸਿੰਘ ਦੀ ਪਤਨੀ ਵੀ ਦੋਸ਼ੀ ਹੈ। ਧੋਖਾਧੜੀ ਦੇ ਨਾਲ-ਨਾਲ ਫਰਜ਼ੀ ਦਸਤਾਵੇਜ਼ ਦੇਣ ਦਾ ਵੀ ਦੋਸ਼ ਹੈ।
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ‘ਤੇ ਈਡੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਛਾਪਾ ਮਾਰਿਆ ਸੀ। ਇਸ ‘ਚ ਉਸ ‘ਤੇ ਦਿੱਲੀ ਦੇ ਸ਼ਰਾਬ ਕਾਰੋਬਾਰ ‘ਚ ਹਿੱਸੇਦਾਰੀ ਦਾ ਦੋਸ਼ ਲਗਾਇਆ ਗਿਆ ਸੀ। ਇਸ ਲਈ ਸ਼ਰਾਬ ਘੁਟਾਲੇ ਦੀ ਜਾਂਚ ਦੌਰਾਨ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ।
ਹਿੰਦੂਸਥਾਨ ਸਮਾਚਾਰ