Punjab News: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ ਨੰਬਰ 181 ਯੋਜਨਾ ਚਲਾਈ ਜਾ ਰਹੀ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੈਲਪਲਾਈਨ ਨੰਬਰ 181 ਚਲਾਉਣ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਤੁਰੰਤ ਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਜ਼ਰੂਰਤਮੰਦ ਔਰਤ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਜਾ ਧੱਕਾ ਹੋ ਰਿਹਾ ਹੋਵੇ, ਉਹ ਮਹਿਲਾ ਹੈਲਪਲਾਈਨ ਨੰਬਰ 181 ‘ਤੇ ਫੋਨ ਕਰ ਕੇ ਮਦਦ ਮੰਗ ਸਕਦੀ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਮਹਿਲਾ ਹੈਲਪਲਾਈਨ ‘ਤੇ ਲਗਭਗ 150 ਫੋਨ ਜ਼ਰੂਰਤਮੰਦ ਔਰਤਾਂ ਵਲੋਂ ਹਰ ਰੋਜ਼ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲਗਭਗ 4 ਤੋਂ 5 ਹਜ਼ਾਰ ਲੋੜਵੰਦ ਔਰਤਾਂ ਨੂੰ ਮਹਿਲਾ ਹੈਲਪਲਾਈਨ ਨੰਬਰ 181 ਰਾਹੀਂ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋੜਵੰਦ ਔਰਤ ਜਿਸ ਨਾਲ ਕੋਈ ਬੇਇਨਸਾਫ਼ੀ ਹੋ ਰਹੀ ਹੈ ਜਾਂ ਕੋਈ ਹਿੰਸਾ ਹੋ ਰਹੀ ਹੈ, ਉਹ ਪੰਜਾਬ ਦੇ ਕਿਸੇ ਕੋਨੇ ਤੋਂ ਵੀ ਇਸ ਹੈਲਪਲਾਈਨ ‘ਤੇ ਫੋਨ ਕਰ ਕੇ ਮਦਦ ਮੰਗ ਸਕਦੀ ਹੈ। ਔਰਤਾਂ ਨੂੰ ਸੂਬੇ ਵਿਚ ਸਥਾਪਿਤ ਵਨ ਸਟਾਪ ਸੈਂਟਰਾਂ ਅਤੇ ਵਿਭਾਗ ਅਧੀਨ ਚੱਲ ਰਹੇ ਦਫ਼ਤਰਾਂ ਵੱਲੋਂ ਤੁਰੰਤ ਮਦਦ ਕਰਨ ਲਈ ਕਾਰਵਾਈ ਵਿੱਢੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ