Pathankot, Punjab: ਪਠਾਨਕੋਟ ਦੇ ਮਿਲਟਰੀ ਏਰੀਏ ਦੇ ਕੋਲ ਵੀਰਵਾਰ ਰਾਤ ਨੂੰ ਵੀ ਇੱਕ ਘਰ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੇ ਘੁਸਪੈਠ ਦੀ ਸੂਚਨਾ ‘ਤੇ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਕ ਹਫ਼ਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਸ਼ੱਕੀਆਂ ਦੀ ਹਰਕਤ ਦੇਖਣ ਨੂੰ ਮਿਲੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪਠਾਨਕੋਟ ਦੇ ਮਾਮੂਨ ਮਿਲਟਰੀ ਏਰੀਏ ਦੇ ਨਾਲ ਲੱਗਦੇ ਇਲਾਕੇ ਦੇ ਪਿੰਡ ਫੰਗਤੌਲੀ ‘ਚ ਬੀਤੀ ਰਾਤ ਤਿੰਨ ਸ਼ੱਕੀਆਂ ਦੀ ਹਰਕਤ ਦੇਖੀ ਗਈ। ਪਿੰਡ ਵਾਸੀ ਬਲਰਾਮ ਸਿੰਘ ਅਨੁਸਾਰ ਰਾਤ ਕਰੀਬ 2.30 ਵਜੇ ਤਿੰਨ ਸ਼ੱਕੀ ਵਿਅਕਤੀ ਕੰਧ ਟੱਪ ਕੇ ਉਸਦੇ ਘਰ ਅੰਦਰ ਦਾਖ਼ਲ ਹੋ ਗਏ ਅਤੇ ਆਵਾਜ਼ ਲਗਾ ਕੇ ਰੋਟੀ ਦੀ ਮੰਗ ਕੀਤੀ। ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਨਾ ਹੀ ਉਨ੍ਹਾਂ ਦੀ ਆਵਾਜ਼ ਦਾ ਕੋਈ ਜਵਾਬ ਦਿੱਤਾ।
ਬਲਰਾਮ ਸਿੰਘ ਨੇ ਦੱਸਿਆ ਕਿ ਤਿੰਨੋਂ ਸ਼ੱਕੀ ਵਿਅਕਤੀਆਂ ਕੋਲ ਬੈਗ ਸਨ ਅਤੇ ਕਾਲੇ ਕੱਪੜੇ ਪਾਏ ਹੋਏ ਸਨ। ਉਨ੍ਹਾਂਨੇ ਆਵਾਜ਼ ਮਾਰ ਕੇ ਕਿਹਾ, ਉੱਠੋ, ਸਾਨੂੰ ਭੁੱਖ ਲੱਗੀ ਹੋਈ ਹੈ, ਰੋਟੀ ਦਿਓ। ਉਹ ਤਿੰਨ-ਚਾਰ ਵਾਰ ਬੋਲੇ ਅਤੇ ਫਿਰ ਪਰਦੇ ‘ਤੇ ਲਾਲ ਰੰਗ ਦੀ ਲਾਈਟ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ੱਕੀ ਵਿਅਕਤੀਆਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨੈਟਵਰਕ ਨੇ ਕੰਮ ਨਹੀਂ ਕੀਤਾ। ਪਰਦੇ ਦੇ ਪਿੱਛੇ ਚੁੱਪਚਾਪ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖਦੇ ਰਹੇ। ਇਸ ਦੌਰਾਨ ਉਪਰੋਂ ਲੰਘਦੇ ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਸ਼ੱਕੀ ਵਿਅਕਤੀ ਕਦੇ ਛੱਤ ‘ਤੇ ਅਤੇ ਕਦੇ ਵਰਾਂਡੇ ‘ਚ ਰਹੇ|
ਸਵੇਰੇ ਕਰੀਬ 4.30 ਵਜੇ ਤੱਕ ਉਨ੍ਹਾਂ ਦੀ ਮੂਵਮੈਂਟ ਉੱਥੇ ਜਾਰੀ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਲਈ। ਪੁਲਿਸ ਨੂੰ ਘਰ ਅਤੇ ਆਸਪਾਸ ਦੇ ਇਲਾਕਿਆਂ ਤੋਂ ਸ਼ੱਕੀ ਵਿਅਕਤੀਆਂ ਦੀਆਂ ਜੁੱਤੀਆਂ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਪਹਿਲਾਂ 23 ਜੁਲਾਈ ਨੂੰ ਵੀ ਇਸੇ ਪਿੰਡ ਵਿੱਚ ਸੱਤ ਸ਼ੱਕੀ ਵਿਅਕਤੀ ਦੇਖੇ ਗਏ ਸਨ। ਜਦੋਂ ਉਨ੍ਹਾਂ ਪਿੰਡ ਦੀ ਔਰਤ ਸੀਮਾ ਦੇਵੀ ਦੇ ਘਰ ਆ ਕੇ ਪਾਣੀ ਪੀਤਾ ਸੀ।
ਹਿੰਦੂਸਥਾਨ ਸਮਾਚਾਰ