Chandigarh News: ਸ਼੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਭਾਈ ਰਘਬੀਰ ਸਿੰਘ ਨੂੰ ਬੇਨਤੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਬਹੁਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਡੇਰਾ ਸਿਰਸਾ ਵਲੋਂ ਜਿਹੜਾ ਮੁਆਫੀਨਾਮਾ ਆਇਆ ਸੀ ਜਾਂ ਖੁਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆ ਹੋਇਆ ਹੈ ਅਤੇ ਇਸੇ ਲਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂਰੀ ਤਰ੍ਹਾਂ ਠੱਲ ਪਾਈ ਜਾਵੇ। ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ।
ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ ਤੇ ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ੍ਹ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜ਼ਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕਿ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸਦ ਲਿਆ ਤੇ ਪੰਥਕ ਸਫ਼ਾ ’ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿਚ ਨਹੀ ਜਾ ਸਕਦੇ ਸਨ। ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ। ਜਥੇਦਾਰ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਨ੍ਹਾਂ ਵਲੋਂ ਜਿਹੜਾ ਕੱਲ ਸ਼ਪੱਸ਼ਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ