Punjab News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ ਵਿੱਚ ਪੰਜਾਬ ਵਿੱਚ ਰੇਲਵੇ ਲਈ 5,147 ਕਰੋੜ ਰੁਪਏ ਰੱਖੇ ਗਏ ਹਨ। ਇਸ ਅਲਾਟਮੈਂਟ ਤਹਿਤ ਸੂਬੇ ਵਿੱਚ 30 ਅੰਮ੍ਰਿਤ ਰੇਲਵੇ ਸਟੇਸ਼ਨ ਬਣਾਏ ਜਾਣਗੇ। ਇਸ ਤੋਂ ਇਲਾਵਾ ਸੂਬੇ ਵਿੱਚ 1159 ਕਿਲੋਮੀਟਰ ਨਵੇਂ ਰੇਲਵੇ ਟਰੈਕ ਬਣਾਏ ਜਾਣਗੇ। ਇਸ ਦੇ ਲਈ ਕੁੱਲ 12 ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਇਸ ‘ਤੇ 19,843 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਨਾਲ ਹੀ ਅੰਬਾਲਾ ਡਿਵੀਜ਼ਨ ਦੇ ਅਧੀਨ ਅੱਠ ਰੇਲਵੇ ਸੈਕਸ਼ਨਾਂ ‘ਤੇ ਲਗਭਗ 2,666.5 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਫਾਟਕ ਨੂੰ ਬੰਦ ਕਰਨ ਦਾ ਪ੍ਰਾਜੈਕਟ ਵੀ ਤਿਆਰ ਕੀਤਾ ਜਾਵੇਗਾ, ਜਿਸ ਲਈ ਰੇਲਵੇ ਅੰਡਰ ਅਤੇ ਓਵਰ ਬ੍ਰਿਜ ਸਮੇਤ ਹੋਰ ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ। ਇਸ ਲਈ 143.38 ਕਰੋੜ ਰੁਪਏ ਖਰਚ ਕੀਤੇ ਜਾਣਗੇ। ਹਰਿਆਣਾ ਵਿੱਚ ਵੀ ਰੇਲਵੇ ਨੇ ਵਿਕਾਸ ਲਈ 3,383 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਅੰਬਾਲਾ ਡਿਵੀਜ਼ਨ ਨੂੰ 2,809.88 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਭਾਰਤੀ ਰੇਲਵੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਸੀ ਰਾਹੀਂ ਰੇਲਵੇ ਬਜਟ ਬਾਰੇ ਜਾਣਕਾਰੀ ਦਿੱਤੀ ਕਿ ਪੰਜਾਬ ਲਈ 5147 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਹ ਯੂਪੀਏ ਸਰਕਾਰ ਦੇ ਸਮੇਂ ਨਾਲੋਂ 24 ਗੁਣਾ ਜ਼ਿਆਦਾ ਬਜਟ ਹੈ। ਇਸ ਵਿੱਚ 19843 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਅਮਰੁਤ ਸਕੀਮ ਤਹਿਤ 30 ਸਟੇਸ਼ਨਾਂ ‘ਤੇ ਕੰਮ ਚੱਲ ਰਿਹਾ ਹੈ। ਇਸ ਸਕੀਮ ਤਹਿਤ 366 ਫਲਾਈਓਵਰਾਂ ਤੇ ਕੰਮ ਚੱਲ ਰਿਹਾ ਹੈ। ਅੰਮ੍ਰਿਤ ਸਟੇਸ਼ਨਾਂ ਵਿੱਚ ਸ਼ਾਮਲ 30 ਸਟੇਸ਼ਨਾਂ ਵਿੱਚ ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਅਬੋਹਰ, ਬਠਿੰਡਾ ਜੰਕਸ਼ਨ, ਢੰਡਰੀ ਕਲਾਂ, ਫਾਜ਼ਿਲਕਾ, ਹੁਸ਼ਿਆਰਪੁਰ, ਧੂਰੀ, ਜਲੰਧਰ ਕੈਂਟ ਜੰਕਸ਼ਨ, ਜਲੰਧਰ ਸਿਟੀ, ਫਿਰੋਜ਼ਪੁਰ ਕੈਂਟ, ਗੁਰਦਾਸਪੁਰ, ਕਪੂਰਥਲਾ, ਕੋਟਕਪੂਰਾ ਜੰਕਸ਼ਨ, ਸ੍ਰੀ ਮੁਕਤਸਰ ਸਾਹਿਬ , ਲੁਧਿਆਣਾ ਜੰਕਸ਼ਨ, ਮਲੇਰਕੋਟਲਾ, ਮਾਨਸਾ, ਮੋਗਾ, ਨੰਗਲ ਡੈਮ, ਪਟਿਆਲਾ, ਫਗਵਾੜਾ ਜੰਕਸ਼ਨ, ਫਿਲੌਰ ਜੰਕਸ਼ਨ, ਪਠਾਨਕੋਟ ਕੈਂਟ, ਪਠਾਨਕੋਟ ਸਿਟੀ, ਰੂਪਨਗਰ, ਸੰਗਰੂਰ, ਮੋਹਾਲੀ ਅਤੇ ਸਰਹਿੰਦ ਸਟੇਸ਼ਨ ਸ਼ਾਮਲ ਹਨ।