Kargil Vijay Diwas: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੇ ਦਿਵਸ ‘ਤੇ ਸ਼ੁੱਕਰਵਾਰ ਸਵੇਰੇ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਕਰਨਗੇ। ਉਹ ਉਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਦੇਣਗੇ ਜਿਨ੍ਹਾਂ ਨੇ ਕਾਰਗਿਲ ਯੁੱਧ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਰਚੂਅਲੀ ਸ਼ਿੰਕੁਨ ਲਾ ਟਨਲ ਪ੍ਰੋਜੈਕਟ ਦਾ ਪਹਿਲਾ ਵਿਸਫੋਟ ਵੀ ਕਰਨਗੇ।
ਇਸ ਪ੍ਰੋਜੈਕਟ ਵਿੱਚ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ ਸ਼ਾਮਲ ਹੈ ਜੋ ਨਿਮੂ-ਪਦੁਮ-ਦਾਰਚਾ ਰੋਡ ‘ਤੇ ਲਗਭਗ 15,800 ਫੁੱਟ ਦੀ ਉਚਾਈ ‘ਤੇ ਬਣਾਈ ਜਾਵੇਗੀ। ਇਸ ਨਾਲ ਲੇਹ ਨੂੰ ਹਰ ਮੌਸਮ ‘ਚ ਕਨੈਕਟੀਵਿਟੀ ਮਿਲੇਗੀ। ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਇਹ ਨਾ ਸਿਰਫ਼ ਹਥਿਆਰਬੰਦ ਬਲਾਂ ਅਤੇ ਉਪਕਰਨਾਂ ਦੀ ਤੁਰੰਤ ਆਵਾਜਾਈ ਨੂੰ ਯਕੀਨੀ ਬਣਾਏਗਾ ਬਲਕਿ ਲੱਦਾਖ ਵਿੱਚ ਆਰਥਿਕ-ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ।
ਅੱਜ 26 ਜੁਲਾਈ, ਯਾਨੀ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ, ਜੋ ਭਾਰਤ ਦੇ ਫੌਜੀ ਇਤਿਹਾਸ ਵਿੱਚ ਇੱਕ ਮਾਣਮੱਤਾ ਦਿਨ ਹੈ। ਕਾਰਗਿਲ ਉਹ ਇਲਾਕਾ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਫੌਜ ਨੇ ਜੰਗ ਲੜੀ ਅਤੇ ਕਾਰਗਿਲ ਦਰਾਸ ਖੇਤਰ ਨੂੰ ਗੁਆਂਢੀ ਦੇਸ਼ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਸੀ। ਇਸ ਦਿਨ ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਜਿੱਤ ਦੀ ਕਹਾਣੀ ਲਿਖੀ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਫੌਜੀ ਜੰਗ ਨੂੰ ਇਤਿਹਾਸ ਵਿੱਚ ਵਿਜੇ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇਸ਼ ਦੀ ਰਾਖੀ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਸਾਹਸ ਅਤੇ ਕੁਰਬਾਨੀ ਨੂੰ ਯਾਦ ਕਰਦਾ ਹੈ।
ਕਾਰਗਿਲ ਯੁੱਧ ਮਈ ਅਤੇ ਜੁਲਾਈ 1999 ਵਿਚ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਵਿਚਕਾਰ ਲੜਿਆ ਗਿਆ ਸੀ। ਇਹ ਜੰਗ ਜੰਮੂ-ਕਸ਼ਮੀਰ ਰਾਜ ਦੇ ਕਾਰਗਿਲ ਜ਼ਿਲ੍ਹੇ ਵਿੱਚ ਹੋਈ। 1999 ਦੇ ਸ਼ੁਰੂ ਵਿੱਚ, ਪਾਕਿਸਤਾਨੀ ਫੌਜਾਂ ਨੇ ਗੁਪਤ ਤੌਰ ‘ਤੇ ਕੰਟਰੋਲ ਰੇਖਾ (ਐਲਓਸੀ) ਨੂੰ ਪਾਰ ਕੀਤਾ ਅਤੇ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੀ ਅਤੇ ਕਾਰਗਿਲ ਦੀਆਂ ਉੱਚੀਆਂ ਚੋਟੀਆਂ ‘ਤੇ ਕਬਜ਼ਾ ਕਰ ਲਿਆ, ਪਰ ਕੰਟਰੋਲ ਰੇਖਾ ਦੇ ਨਾਲ ਸਰਚ ਆਪਰੇਸ਼ਨ ਤੋਂ ਬਾਅਦ ਪਾਕਿਸਤਾਨ ਦੀ ਸੋਚੀ ਸਮਝੀ ਰਣਨੀਤੀ ਦਾ ਖੁਲਾਸਾ ਹੋਇਆ। ਭਾਰਤੀ ਫੌਜ ਨੂੰ ਅਹਿਸਾਸ ਹੋਇਆ ਕਿ ਹਮਲੇ ਦੀ ਯੋਜਨਾ ਵੱਡੇ ਪੱਧਰ ‘ਤੇ ਬਣਾਈ ਗਈ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ‘ਆਪ੍ਰੇਸ਼ਨ ਵਿਜੇ’ ਸ਼ੁਰੂ ਕੀਤਾ ਅਤੇ ਕਾਰਗਿਲ ਖੇਤਰ ‘ਚ ਫ਼ੌਜ ਭੇਜ ਦਿੱਤੀ। ਇਸ ਜੰਗ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਅਟੁੱਟ ਦ੍ਰਿੜ ਇਰਾਦੇ ਅਤੇ ਅਦੁੱਤੀ ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਕਾਰਗਿਲ ਜੰਗ ਭਾਰਤੀ ਫੌਜ ਦੀ ਵਿਜੇ ਦਾ ਪ੍ਰਤੀਕ ਹੈ।
ਹਿੰਦੂਸਥਾਨ ਸਮਾਚਾਰ