Bhopal News: ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਮੱਧ ਪ੍ਰਦੇਸ਼ ਦੇ ਪ੍ਰਧਾਨ ਅਤੇ ਲੰਬੇ ਸਮੇਂ ਤੱਕ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਹੇ, ਉਹ ਸੰਗਠਨ ਵੱਲੋਂ ਰਾਜ ਸਭਾ ਮੈਂਬਰ ਵੀ ਚੁਣੇ ਗਏ ਸਨ। ਦਰਅਸਲ, ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਸਵੇਰੇ ਪੰਜ ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪਾਰਟੀ ਵਿੱਚ ਸੋਗ ਦੀ ਲਹਿਰ ਹੈ।
ਮੱਧ ਪ੍ਰਦੇਸ਼ ਭਾਜਪਾ ਦੇ ਬੁਲਾਰੇ ਹਿਤੇਸ਼ ਵਾਜਪਾਈ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਝਾਅ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਜੂਨ ਦੇ ਅੰਤ ਵਿੱਚ ਭੋਪਾਲ ਤੋਂ ਏਅਰਲਿਫਟ ਕਰਕੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੁੱਖ ਮੰਤਰੀ ਮੋਹਨ ਯਾਦਵ ਅਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਹਿਤਾਨੰਦ ਸ਼ਰਮਾ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਭੋਪਾਲ ਦੇ ਹਸਪਤਾਲ ਪਹੁੰਚੇ ਸਨ, ਪਰ ਜਦੋਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਨੂੰ ਗੁਰੂਗ੍ਰਾਮ ਲਿਆਂਦਾ ਗਿਆ ਸੀ।
ਪ੍ਰਭਾਤ ਝਾਅ ਭਾਜਪਾ ਦੇ ਉਨ੍ਹਾਂ ਆਗੂਆਂ ਵਿੱਚ ਗਿਣੇ ਜਾਂਦੇ ਸਨ ਜਿਨ੍ਹਾਂ ਦੀ ਬੌਧਿਕ ਦੁਨੀਆਂ ਵਿੱਚ ਸਾਖ ਹੈ। ਅਨੇਕਾਂ ਕਿਤਾਬਾਂ ਨੂੰ ਸੰਪਾਦਿਤ ਕਰਨ ਅਤੇ ਲਿਖਣ ਸਮੇਤ ਪਾਰਟੀ ਨੂੰ ਕਿਵੇਂ ਅੱਗੇ ਲੈ ਕੇ ਜਾਣ ਲਈ ਗਿਆਨ ਦੀ ਧਾਰਾ ਦੀ ਵਰਤੋਂ ਕਰਨੀ ਹੈ, ਇਸ ਕੰਮ ’ਚ ਉਹ ਮਾਹਰ ਰਹੇ। ਉਨ੍ਹਾਂ ਦਾ ਪੱਤਰਕਾਰੀ ਕੈਰੀਅਰ ਗਵਾਲੀਅਰ ਵਿੱਚ ਆਪਣੇ ਜੱਦੀ ਸਥਾਨ ਤੋਂ ਸ਼ੁਰੂ ਹੋਇਆ ਸੀ। ਉਹ ਮੂਲ ਰੂਪ ਤੋਂ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 4 ਜੂਨ 1957 ਨੂੰ ਬਿਹਾਰ ਦੇ ਦਰਭੰਗਾ ਦੇ ਪਿੰਡ ਹਰੀਹਰਪੁਰ ਵਿੱਚ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਮੱਧ ਪ੍ਰਦੇਸ਼ ਦੇ ਗਵਾਲੀਅਰ ਆਏ ਸੀ। ਪ੍ਰਾਇਮਰੀ ਸਿੱਖਿਆ ਤੋਂ ਬਾਅਦ, ਪ੍ਰਭਾਤ ਝਾਅ ਨੇ ਪੀਜੀਵੀ ਕਾਲਜ, ਗਵਾਲੀਅਰ ਤੋਂ ਬੀਐਸਸੀ, ਮਾਧਵ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਅਤੇ ਐਮਐਲਬੀ ਕਾਲਜ ਤੋਂ ਐਲਐਲਬੀ ਦੀ ਡਿਗਰੀ ਲਈ।
ਉਨ੍ਹਾਂ ਦਾ ਵਿਆਹ ਰੰਜਨਾ ਝਾਅ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ। ਵੱਡੇ ਬੇਟੇ ਦਾ ਨਾਮ ਤੁਸ਼ਮੂਲ ਅਤੇ ਛੋਟੇ ਦਾ ਨਾਮ ਅਯਤਨ ਝਾਅ ਹੈ। ਪ੍ਰਭਾਤ ਝਾਅ ਨੇ ਵਿਆਹ ਤੋਂ ਬਾਅਦ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ। ਲੰਬੇ ਸਮੇਂ ਤੱਕ ਪੱਤਰਕਾਰੀ ਕਰਨ ਤੋਂ ਬਾਅਦ ਉਹ ਰਾਜਨੀਤੀ ਵਿੱਚ ਆ ਗਏ ਅਤੇ ਭਾਜਪਾ ਦੇ ਮੈਂਬਰ ਬਣ ਗਏ। ਉਹ ਭਾਜਪਾ ਦੇ ਮੁਖ ਪੱਤਰ ‘ਕਮਲ ਸੰਦੇਸ਼’ ਦੇ ਸੰਪਾਦਕ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ। ਉਨ੍ਹਾਂ ਦੇ ਦਿਹਾਂਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਅਯਤਨ ਨੇ ਦੱਸਿਆ ਕਿ ਅੰਤਿਮ ਸੰਸਕਾਰ ਗਵਾਲੀਅਰ ਜਾਂ ਜੱਦੀ ਪਿੰਡ ਕੋਰਿਆਹੀ, ਸੀਤਾਮੜੀ (ਬਿਹਾਰ) ਵਿਖੇ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ