Delhi-NCR: ਦਿੱਲੀ ਐਨਸੀਆਰ ਦੇ ਲੋਕਾਂ ‘ਤੇ ਮਾਨਸੂਨ ਬਹੁਤ ਮਿਹਰਬਾਨ ਹੈ। ਦਿੱਲੀ-NCR ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਐਨਸੀਆਰ ਵਾਸੀਆਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਮੌਸਮ ਵਿੱਚ ਆਏ ਬਦਲਾਅ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਵਿਭਾਗ ਮੁਤਾਬਕ ਅੱਜ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੇ ਨਾਲ-ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।
ਪਹਾੜਾਂ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਖ਼ਤਰਾ
ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਖ਼ਤਰਾ ਵੱਧ ਗਿਆ ਹੈ। ਬਦਰੀਨਾਥ ਨੈਸ਼ਨਲ ਹਾਈਵੇਅ ‘ਤੇ ਜ਼ਮੀਨ ਖਿਸਕ ਗਈ ਹੈ। ਚਮੋਲੀ ਜ਼ਿਲ੍ਹੇ ਵਿੱਚ ਪਹਾੜੀ ਖਿਸਕਣ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਅੰਜਨੀ ਮਹਾਦੇਵ ਨਦੀ ਅਤੇ ਅਖਰੀ ਡਰੇਨ ਵਿੱਚ ਹੜ੍ਹ ਆ ਗਿਆ। ਇਸ ਹੜ੍ਹ ਕਾਰਨ ਪਲਚਨ ਵਿੱਚ ਦੋ ਘਰ ਵਹਿ ਗਏ ਹਨ ਜਦੋਂਕਿ ਇੱਕ ਘਰ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪੁੱਜਾ ਹੈ। ਲੋਕਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ 25 ਅਤੇ 26 ਜੁਲਾਈ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਯੈਲੋ ਅਲਰਟ ਜਾਰੀ ਰਹੇਗਾ। ਉੱਤਰਾਖੰਡ ਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਨੈਨੀਤਾਲ, ਚੰਪਾਵਤ, ਯੂਐਸਨਗਰ ਅਤੇ ਬਾਗੇਸ਼ਵਰ ਸ਼ਾਮਲ ਹਨ। ਆਉਣ ਵਾਲੇ ਦੋ ਦਿਨਾਂ ਵਿੱਚ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਟਿਹਰੀ, ਪੌੜੀ, ਦੇਹਰਾਦੂਨ, ਚਮੋਲੀ, ਰੁਦਰਪ੍ਰਯਾਗ ਅਤੇ ਹਰਿਦੁਆਰ ਵਿੱਚ ਭਾਰੀ ਮੀਂਹ ਦਾ ਯੌਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਰਾਜਾਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ
ਮਹਾਰਾਸ਼ਟਰ ਦੇ ਪੁਣੇ ‘ਚੋਂ ਵਹਿਣ ਵਾਲੀ ਮੂਲਾ ਮੁਥਾ ਨਦੀ ਖ਼ਤਰੇ ਦੇ ਪੱਧਰ ਤੋਂ ਉੱਪਰ ਵਹਿ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 25 ਜੁਲਾਈ ਨੂੰ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪੂਰਬੀ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਕੇਰਲ ਅਤੇ ਤੱਟੀ ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ (7 ਸੈਂਟੀਮੀਟਰ ਤੱਕ) ਦੀ ਚੇਤਾਵਨੀ ਦਿੱਤੀ ਗਈ ਹੈ। ਜੰਮੂ-ਕਸ਼ਮੀਰ, ਲੱਦਾਖ, ਰਾਜਸਥਾਨ, ਛੱਤੀਸਗੜ੍ਹ, ਬਿਹਾਰ ਅਤੇ ਤਾਮਿਲਨਾਡੂ ‘ਚ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਵਿੱਚ ਅਗਲੇ 10 ਦਿਨਾਂ ਤੱਕ ਮੀਂਹ ਜਾਰੀ ਰਹੇਗਾ।