Washington D.C.: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੋਏ ਜਾਨਲੇਵਾ ਹਮਲੇ ‘ਚ ਆਪਣੀ ਗਲਤੀ ਮੰਨਦੇ ਹੋਏ ਅਮਰੀਕੀ ਖੁਫੀਆ ਸੇਵਾ ਦੀ ਡਾਇਰੈਕਟਰ ਕਿੰਬਰਲੇ ਚੀਟਲ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇੰਟੈਲੀਜੈਂਸ ਸਰਵਿਸ ਦੀ ਸਾਬਕਾ ਪ੍ਰਮੁੱਖ ਚੀਟਲ ਨੇ ਵਿਭਾਗ ਦੇ ਸਹਿਯੋਗੀਆਂ ਨੂੰ ਈ-ਮੇਲ ਰਾਹੀਂ ਇਹ ਜਾਣਕਾਰੀ ਦਿੱਤੀ।
ਚੀਟਲ ਨੇ ਮੰਗਲਵਾਰ ਨੂੰ ਈਮੇਲ ਵਿੱਚ ਕਿਹਾ, “ਮੈਂ ਸੁਰੱਖਿਆ ਵਿੱਚ ਕਮੀ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ। ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਮੈਂ ਭਾਰੀ ਦਿਲ ਨਾਲ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਮੁਸ਼ਕਲ ਫੈਸਲਾ ਲਿਆ ਹੈ।”
ਟਰੰਪ ‘ਤੇ ਹਮਲੇ ਦੀ ਘਟਨਾ ਦੇ ਬਾਅਦ ਤੋਂ ਖੁਫੀਆ ਸੇਵਾ ਗੰਭੀਰ ਚੂਕ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੀ। ਇਸ ਕਾਰਨ ਅਗਸਤ 2022 ਤੋਂ ਡਾਇਰੈਕਟਰ ਦੇ ਅਹੁਦੇ ‘ਤੇ ਕਾਬਜ਼ ਚੀਟਲ ‘ਤੇ ਅਸਤੀਫਾ ਦੇਣ ਦਾ ਭਾਰੀ ਦਬਾਅ ਸੀ। ਇੱਕ ਦਿਨ ਪਹਿਲਾਂ, ਚੀਟਲ ਨੇ ਸੰਸਦ ਮੈਂਬਰਾਂ ਨੂੰ ਮੰਨਿਆ ਸੀ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਕੋਸ਼ਿਸ਼ 1981 ਵਿੱਚ ਤਤਕਾਲੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਤੋਂ ਬਾਅਦ “ਸਭ ਤੋਂ ਗੰਭੀਰ” ਸੁਰੱਖਿਆ ਕਮੀ ਸੀ।
ਚੀਟਲ ਨੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਨੂੰ ਲੈ ਕੇ ਸਦਨ ਦੀ ਨਿਗਰਾਨੀ ਅਤੇ ਜਵਾਬਦੇਹੀ ਕਮੇਟੀ ਦੇ ਸਾਹਮਣੇ ਪੇਸ਼ੀ ਦੌਰਾਨ ਇਹ ਸਵੀਕਾਰ ਕੀਤਾ, ਜਿਸ ਵਿੱਚ ਦੋ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਰਾਜਾ ਕ੍ਰਿਸ਼ਨਾਮੂਰਤੀ ਅਤੇ ਰੋ ਖੰਨਾ ਸਮੇਤ ਵੱਖ-ਵੱਖ ਸੰਸਦ ਮੈਂਬਰਾਂ ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਚੀਟਲ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ 13 ਜੁਲਾਈ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਚਾਉਣ ਦੇ ਆਪਣੇ ਮਿਸ਼ਨ ਵਿੱਚ ਅਸਫਲ ਰਹੀ।
ਹਿੰਦੂਸਥਾਨ ਸਮਾਚਾਰ