New Delhi: ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਨਿਵੇਸ਼ਕਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ‘ਏਂਜਲ ਟੈਕਸ’ ਨੂੰ ਖਤਮ ਕਰਨ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਭਾਰਤੀ ਸਟਾਰਟ-ਅੱਪ ਈਕੋ-ਸਿਸਟਮ ਨੂੰ ਮਜ਼ਬੂਤ ਕਰਨਾ, ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਨਵੀਨਤਾ ਨੂੰ ਸਮਰਥਨ ਦੇਣਾ ਹੈ।
ਉਨ੍ਹਾਂ ਨੇ ਭਾਰਤ ਦੀਆਂ ਵਿਕਾਸ ਲੋੜਾਂ ਲਈ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਲਈ ਵਿਦੇਸ਼ੀ ਕੰਪਨੀਆਂ ‘ਤੇ ਕਾਰਪੋਰੇਟ ਟੈਕਸ ਦੀ ਦਰ 40 ਤੋਂ ਘਟਾ ਕੇ 35 ਫੀਸਦੀ ਕਰਨ ਦਾ ਪ੍ਰਸਤਾਵ ਵੀ ਰੱਖਿਆ। ਸੀਤਾਰਮਨ ਨੇ ਅਰਥਵਿਵਸਥਾ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਅਤੇ ਖੇਤਰ ਨੂੰ ਆਕਾਰ, ਸਮਰੱਥਾ ਅਤੇ ਹੁਨਰ ਦੇ ਸੰਦਰਭ ਵਿੱਚ ਤਿਆਰ ਕਰਨ ਲਈ ਇੱਕ ਵਿੱਤੀ ਖੇਤਰ ਦੇ ਦ੍ਰਿਸ਼ਟੀਕੋਣ ਅਤੇ ਰਣਨੀਤੀ ਦਸਤਾਵੇਜ਼ ਲਿਆਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਆਉਣ ਵਾਲੇ ਪੰਜ ਸਾਲਾਂ ਲਈ ਏਜੰਡਾ ਤੈਅ ਕਰੇਗਾ ਅਤੇ ਸਰਕਾਰ, ਰੈਗੂਲੇਟਰਾਂ, ਵਿੱਤੀ ਸੰਸਥਾਵਾਂ ਅਤੇ ਬਾਜ਼ਾਰ ਭਾਗੀਦਾਰਾਂ ਦੇ ਕੰਮ ਦਾ ਮਾਰਗਦਰਸ਼ਨ ਕਰੇਗਾ।
ਮੰਤਰੀ ਨੇ ਜਲਵਾਯੂ ਵਿੱਤ ਲਈ ਇੱਕ ਵਰਗੀਕਰਨ ਵਿਕਸਿਤ ਕਰਨ ਦਾ ਵੀ ਪ੍ਰਸਤਾਵ ਕੀਤਾ। ਇਸ ਨਾਲ ਜਲਵਾਯੂ ਅਨੁਕੂਲਨ ਅਤੇ ਘਟਾਉਣ ਲਈ ਪੂੰਜੀ ਦੀ ਉਪਲਬਧਤਾ ਵਿੱਚ ਵਾਧਾ ਹੋਣ ਦੀ ਉਮੀਦ ਹੈ, ਜੋ ਭਾਰਤ ਨੂੰ ਇਸਦੀਆਂ ਜਲਵਾਯੂ ਪ੍ਰਤੀਬੱਧਤਾਵਾਂ ਅਤੇ ਹਰੀ ਤਬਦੀਲੀ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਹਿੰਦੂਸਥਾਨ ਸਮਾਚਾਰ